ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਦੇਵੇਂਦਰ ਫੜਨਵੀਸ ਦੀ ਸਰਕਾਰ ਦੇ ਪਤਨ ਦੇ ਨਾਲ ਹੀ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਅਤੇ ਕਾਂਗਰਸ ਲਈ ਸਰਕਾਰ ਬਣਾਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਜਾਣਕਾਰੀ ਮੁਤਾਬਕ 28 ਨਵੰਬਰ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਉਧਵ ਠਾਕਰੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਮਹਾਰਾਸ਼ਟਰ ਵਿੱਚ ਕਾਂਗਰਸ-ਸ਼ਿਵ ਸੈਨਾ-ਐਨਸੀਪੀ ਦੇ ਗੱਠਜੋੜ ਨੂੰ ਮਹਾ ਵਿਕਾਸ ਅਘਾੜੀ ਕਿਹਾ ਜਾਵੇਗਾ। ਬੈਠਕ ਵਿਚ ਤਿੰਨਾਂ ਪਾਰਟੀਆਂ ਦੇ ਨੇਤਾਵਾਂ ਨੇ ਉਧਵ ਠਾਕਰੇ ਦੇ ਨਾਂਅ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਤਿੰਨਾਂ ਪਾਰਟੀਆਂ ਦੇ ਆਗੂ ਕੱਲ ਸਹੁੰ ਚੁੱਕਣ ਦਾ ਦਾਅਵਾ ਪੇਸ਼ ਕਰਨਗੇ। ਇਸ ਦੌਰਾਨ ਰਾਜਪਾਲ ਨੇ ਬੁੱਧਵਾਰ ਨੂੰ ਸਵੇਰੇ 8 ਵਜੇ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਹੈ।
ਇਸ ਮੌਕੇ ਉਧਵ ਠਾਕਰੇ ਨੇ ਕਿਹਾ, "ਮੈਂ ਕਦੇ ਵੀ ਰਾਜ ਦੀ ਅਗਵਾਈ ਕਰਨ ਦਾ ਸੁਪਨਾ ਨਹੀਂ ਵੇਖਿਆ ਸੀ। ਮੈਂ ਸੋਨੀਆ ਗਾਂਧੀ ਅਤੇ ਹੋਰਾਂ ਦਾ ਧੰਨਵਾਦ ਕਰਨਾ ਚਾਹਾਂਗਾ। ਅਸੀਂ ਇੱਕ ਦੂਜੇ 'ਤੇ ਵਿਸ਼ਵਾਸ ਰੱਖ ਕੇ ਦੇਸ਼ ਨੂੰ ਇਕ ਨਵੀਂ ਦਿਸ਼ਾ ਦਵਾਂਗੇ।" ਉਨ੍ਹਾਂ ਨੇ ਕਿਹਾ ਕਿ ਮੈਂ ਦੇਵੇਂਦਰ ਫੜਨਵੀਸ ਦੁਆਰਾ ਉਠਾਏ ਸਾਰੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਤਿਆਰ ਹਾਂ। ਮੈਂ ਕਿਸੇ ਤੋਂ ਨਹੀਂ ਡਰਦਾ, ਉਨ੍ਹਾਂ ਨੇ ਕਿਹਾ ਕਿ ਝੂਠ ਹਿੰਦੂਤਵ ਦਾ ਹਿੱਸਾ ਨਹੀਂ ਹੈ। ਜਦੋਂ ਲੋੜ ਹੋਵੇ ਤੁਸੀਂ ਸਾਨੂੰ ਜੱਫੀ ਪਾਉਂਦੇ ਹੋ ਅਤੇ ਜਦੋਂ ਜ਼ਰੂਰਤ ਨਹੀਂ ਪੈਂਦੀ ਤੁਸੀਂ ਸਾਨੂੰ ਛੱਡ ਦਿੰਦੇ ਹੋ।
ਦੱਸ ਦਈਏ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਅੱਜ ਮਹਾਰਾਸ਼ਟਰ ਵਿੱਚ ਚੱਲ ਰਹੀ ਸਿਆਸਤ ਦੀ ਪੂਰੀ ਤਸਵੀਰ ਬਦਲ ਗਈ ਹੈ। ਕੋਰਟ ਵੱਲੋਂ ਕਲ੍ਹ ਬਹੁਮਤ ਪਰੀਖਣ ਸਾਬਤ ਕਰਨ ਦੇ ਐਲਾਨ ਤੋਂ ਪਹਿਲਾਂ ਹੀ ਸੂਬੇ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦੇਣ ਮਗਰੋਂ ਫੜਨਵੀਸ ਨੇ ਕਿਹਾ ਕਿ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸ਼ਿਵ ਸੈਨਾ ਦਾ ਹਿੰਦੂਤਵ ਹੁਣ ਸੋਨੀਆ ਗਾਂਧੀ ਦੇ ਪੈਰਾਂ ਹੇਠ ਹੈ। ਫੜਨਵੀਸ ਨੇ ਅਜੀਤ ਪਵਾਰ ਦੇ ਅਸਤੀਫ਼ੇ ਬਾਰੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਿਜੀ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੈ।