ਮੁੰਬਈ: ਸ਼ਿਵ ਸੇਨਾ-ਐਨਸੀਪੀ-ਕਾਂਗਰਸ ਗਠਜੋੜ ਦੀ ਉਧਵ ਠਾਕਰੇ ਦੀ ਅਗਵਾਈ ਵਾਲੀ ਮਹਾਂ ਵਿਕਾਸ ਅਗਾੜੀ ਸਰਕਾਰ ਸ਼ਨੀਵਾਰ ਨੂੰ ਵਿਧਾਨ ਸਭਾ ਵਿਚ ਫਲੋਰ ਟੈਸਟ ਦਾ ਸਾਹਮਣਾ ਕਰੇਗੀ।
ਵਿਧਾਨ ਸਭਾ ਦੀ ਦੋ ਦਿਨਾਂ ਬੈਠਕ ਅੱਜ ਤੋਂ ਸ਼ੁਰੂ ਹੋਵੇਗੀ। ਸਦਨ ਵਿਚ ਟਰੱਸਟ ਵੋਟਿੰਗ ਪਹਿਲੇ ਦਿਨ ਕੀਤੀ ਜਾਏਗੀ। ਐਤਵਾਰ ਨੂੰ ਅਸੈਂਬਲੀ ਸਪੀਕਰ ਦੀ ਚੋਣ ਹੋਵੇਗੀ ਅਤੇ ਇਸ ਤੋਂ ਬਾਅਦ ਸਦਨ ਵਿਚ ਰਾਜਪਾਲ ਦੇ ਸੰਬੋਧਨ 'ਤੇ ਧੰਨਵਾਦ ਦਾ ਪ੍ਰਸਤਾਵ ਦਿੱਤਾ ਜਾਵੇਗਾ। ਫਿਰ ਨਵਾਂ ਸਪੀਕਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਨਾਮ ਦੀ ਘੋਸ਼ਣਾ ਕਰੇਗਾ।
ਸੱਤਾਧਾਰੀ ਗਠਜੋੜ ਨੇ 288 ਮੈਂਬਰੀ ਵਿਧਾਨ ਸਭਾ ਵਿੱਚ 162 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਭਾਜਪਾ ਤੇ ਸ਼ਿਵ ਸੇਨਾ ਦਾ ਪ੍ਰੀ-ਪੋਲ ਗਠਜੋੜ ਟੁੱਟ ਗਿਆ, ਜਿਸ ਤੋਂ ਬਾਅਦ ਸ਼ਿਵ ਸੇਨਾ, ਐਨ.ਸੀ.ਪੀ. ਅਤੇ ਕਾਂਗਰਸ ਨੇ ਮਿਲ ਕੇ ਸਰਕਾਰ ਬਣਾਈ। ਭਾਜਪਾ 105 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। 21 ਅਕਤੂਬਰ ਨੂੰ ਹੋਈਆਂ ਚੋਣਾਂ ਵਿਚ ਸ਼ਿਵ ਸੇਨਾ, ਐਨ.ਸੀ.ਪੀ. ਅਤੇ ਕਾਂਗਰਸ ਨੇ ਕ੍ਰਮਵਾਰ 56, 54 ਅਤੇ 44 ਸੀਟਾਂ ਜਿੱਤੀਆਂ ਸਨ।