ਪਠਾਨਕੋਟ : ਸ਼ਹਿਰ ਦੇ ਨੇੜੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਬਾਰਡਰ ਤੇ ਪੈਂਦੇ ਕਾਂਗੜਾ ਜ਼ਿਲ੍ਹੇ ਦੇ ਪਿੰਡ ਭਦਰੋਆ ਵਿੱਚ ਦੋ ਨੌਜਵਾਨਾਂ ਦੀ ਡਰਗ ਦੇ ਓਵਰਡੋਜ ਕਾਰਨ ਮੌਤ ਹੋ ਗਈ ਹੈ। ਹਿਮਾਚਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ - Punjab-himachal border
ਪੰਜਾਬ ਤੋਂ ਬਾਅਦ ਹੁਣ ਹਿਮਾਚਲ ਵੀ ਨਸ਼ੇ ਦੀ ਚਪੇਟ ਵਿੱਚ ਆ ਰਿਹਾ ਹੈ। ਪੰਜਾਬ ਅਤੇ ਹਿਮਾਚਲ ਦੇ ਬਾਰਡਰ 'ਤੇ ਪੈਂਦੇ ਪਿੰਡ ਭਦਰੋਆ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਜਾਣਕਾਰੀ ਮੁਤਾਬਕ ਪੰਜਾਬ ਅਤੇ ਹਿਮਾਚਲ ਬਾਰਡਰ ਨਾਲ ਲਗਦੇ ਪਿੰਡ ਭਦਰੋਆ ਵਿਖੇ ਚੱਕੀ ਦਰਿਆ ਨੇੜੇ ਪੁਲਿਸ ਨੂੰ ਦੋ ਅਣਪਛਾਤੇ ਨੌਜਵਾਨਾਂ ਦੀਆਂ ਲਾਸ਼ਾਂ ਪਏ ਹੋਣ ਦੀ ਸੂਚਨਾ ਮਿਲੀ ਸੀ। ਇਸ ਮਗਰੋਂ ਹਿਮਾਚਲ ਪੁਲਿਸ ਅਤੇ ਪੱਤਰਕਾਰਾਂ ਦੀ ਟੀਮ ਮੌਕੇ 'ਤੇ ਪੁੱਜੀ। ਪੁਲਿਸ ਨੇ ਦੋਹਾਂ ਨੌਜਵਾਨਾਂ ਦੀ ਲਾਸ਼ ਬਰਾਮਦ ਕੀਤੀ। ਇਸ ਦੌਰਾਨ ਦੋਹਾਂ ਦੇ ਮੂੰਹ ਚੋਂ ਝਾਗ ਨਿਕਲ ਰਹੀ ਸੀ ਅਤੇ ਉਨ੍ਹਾਂ ਦੇ ਨੇੜੇ ਇੰਜੈਕਸ਼ਨ ਬਰਾਮਦ ਹੋਏ ਜਿਸ ਕਾਰਨ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਮ੍ਰਿਤਕ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਹਿਮਾਚਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਇਸ ਬਾਰੇ ਹਿਮਾਚਲ ਪੁਲਿਸ ਦੇ ਡੀਐਸਪੀ ਸਾਹਿਲ ਅਰੋੜਾ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।