ਵਾਸ਼ਿੰਗਟਨ: ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨਾਲ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਮਹਾਂਮਾਰੀ ਦੀ ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਇਸ ਦੇ ਲੱਛਣ ਦੇਰੀ ਨਾਲ ਨਜ਼ਰ ਆਉਂਦੇ ਹਨ ਅਤੇ ਇਸ ਦੇ ਲੱਛਣ ਸਧਾਰਨ ਖਾਂਸੀ-ਜ਼ੁਕਾਮ ਨਾਲ ਇੰਨੇ ਮਿਲਦੇ ਹਨ ਕਿ ਇਨ੍ਹਾਂ ਲੱਛਣਾਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਬੰਧੀ ਕੈਲੀਫੋਰਨੀਆ ਦੇ ਡਾਕਟਰ ਨੇ ਕੋਰੋਨਾ ਦੇ ਲੱਛਣਾਂ ਦੇ ਫ਼ਰਕ ਨੂੰ ਸਮਝਣ ਦਾ ਸੌਖਾ ਤਰੀਕਾ ਦੱਸਿਆ ਹੈ।
ਕੈਲੀਫੋਰਨੀਆ ਦੇ ਸੈਂਟ ਜੌਨ ਹੈਲਥ ਸੈਂਟਰ ਦੇ ਮੈਡੀਸਨ ਫਿਜ਼ੀਸ਼ੀਅਨ ਡਾਕਟਰ ਡੇਵਿਡ ਕਟਲਰ ਦਾ ਕਹਿਣਾ ਹੈ ਕਿ ਸਧਾਰਨ ਜ਼ੁਕਾਮ ਅਤੇ ਕੋਰੋਨਾ ਵਾਇਰਸ ਦੇ ਲੱਛਣ ਲਗਭਗ ਇੱਕੋ ਜਿਹੇ ਹਨ ਪਰ 2 ਅਜਿਹੇ ਲੱਛਣ ਹਨ ਜੋ ਕੋਰੋਨਾ ਵਾਇਰਸ ਦੀ ਸ਼ੰਕਾ ਪੈਦਾ ਕਰ ਸਕਦੇ ਹਨ ਅਤੇ ਸਧਾਰਨ ਜ਼ੁਕਾਮ ਤੋਂ ਇਸ ਨੂੰ ਵੱਖਰਾ ਕਰਦੇ ਹਨ।
ਡਾਕਟਰ ਕਟਲਰ ਮੁਤਾਬਕ ਸਧਾਰਨ ਐਲਰਜੀ ਵਿੱਚ ਖੰਘ-ਜ਼ੁਕਾਮ ਜ਼ਰੂਰ ਹੁੰਦੇ ਹਨ ਪਰ ਉਸ ਨੂੰ ਬੁਖ਼ਾਰ ਨਹੀਂ ਹੁੰਦਾ ਜਦਕਿ ਕੋਰੋਨਾ ਪੀੜਤ ਵਿੱਚ ਤੇਜ਼ ਬੁਖ਼ਾਰ ਦੀ ਸ਼ਿਕਾਇਤ ਦੇਖੀ ਗਈ ਹੈ। ਦੂਜਾ ਕੋਰੋਨਾ ਵਾਇਰਸ ਦੇ ਮਰੀਜ਼ਾਂ ਵਿੱਚ ਸਰੀਰ ਦਰਦ ਅਤੇ ਜੋੜਾਂ ਵਿੱਚ ਦਰਦ ਦੀ ਸਮੱਸਿਆ ਵੀ ਦੇਖੀ ਗਈ ਹੈ ਜਦਕਿ ਸਧਾਰਨ ਸਰਦੀ-ਜ਼ੁਕਾਮ ਵਿੱਚ ਸਰੀਰ ਨੂੰ ਥਕਾਵਟ ਰਹਿੰਦੀ ਹੈ ਪਰ ਉਸ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਨਹੀਂ ਹੁੰਦੀ ਹੈ।
ਇਸ ਤਰ੍ਹਾਂ ਉਨ੍ਹਾਂ ਨੇ ਇਹ 2 ਉਹ ਲੱਛਣ ਦੱਸੇ ਜੋ ਸਧਾਰਨ ਖੰਘ-ਜ਼ੁਕਾਮ ਤੋਂ ਕੋਰੋਨਾ ਨੂੰ ਅਲੱਗ ਕਰਦੇ ਹਨ।
ਕੋਰੋਨਾ ਵਾਇਰਸ ਦੇ ਲੱਛਣ
- ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਪਹਿਲੇ 5 ਦਿਨਾਂ ਵਿੱਚ ਸੁੱਕੀ ਖੰਘ ਆਉਣੀ ਸ਼ੁਰੂ ਹੁੰਦੀ ਹੈ ਅਤੇ ਫੇਫੜਿਆਂ ਵਿੱਚ ਤੇਜ਼ੀ ਨਾਲ ਬਲਗਮ ਬਣਨੀ ਸ਼ੁਰੂ ਹੋ ਜਾਂਦੀ ਹੈ।
- ਮਰੀਜ਼ ਨੂੰ ਤੇਜ਼ ਬੁਖਾਰ ਚੜ੍ਹਨ ਲੱਗਦਾ ਹੈ ਅਤੇ ਉਸ ਦੇ ਸਰੀਰ ਦਾ ਤਾਪਮਾਨ ਕਾਫ਼ੀ ਜ਼ਿਆਦਾ ਵਧ ਜਾਂਦਾ ਹੈ।
- ਕੋਵਿਡ-19 ਦਾ ਸ਼ਿਕਾਰ ਹੋਣ ਵਾਲੇ ਇਨਸਾਨ ਨੂੰ ਪਹਿਲੇ 5 ਦਿਨਾਂ ਵਿੱਚ ਸਾਹ ਲੈਣ ਵਿੱਚ ਵੀ ਸਮੱਸਿਆ ਹੋਣ ਲੱਗਦੀ ਹੈ। ਵੱਡੀ ਉਮਰ ਦੇ ਮਰੀਜ਼ਾਂ ਵਿੱਚ ਸਾਹ ਫੁੱਲਣ ਦੀ ਸਮੱਸਿਆ ਜ਼ਿਆਦਾ ਦੇਖੀ ਗਈ ਹੈ।
- ਮਰੀਜ਼ ਦੇ ਫੇਫੜਿਆਂ ਵਿੱਚ ਤੇਜ਼ੀ ਨਾਲ ਬਲਗਮ ਬਣਨ ਕਾਰਨ ਉਸ ਨੂੰ ਛਾਤੀ ਵਿੱਚ ਦਰਦ ਅਤੇ ਸਾਹ ਲੈਣ 'ਚ ਸਮੱਸਿਆ ਹੋਣ ਲੱਗਦੀ ਹੈ।
- ਮਾਸਪੇਸ਼ੀਆਂ ਵਿੱਚ ਦਰਦ ਦੇ ਨਾਲ-ਨਾਲ ਸਰੀਰ ਟੁੱਟਣ ਲੱਗਦਾ ਹੈ ਅਤੇ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਦੇ ਇਲਾਵਾ ਕਈ ਮਰੀਜ਼ਾਂ ਨੇ ਦੱਸਿਆ ਕਿ ਇਸ ਬੀਮਾਰੀ ਵਿੱਚ ਰਹਿੰਦੇ ਹੋਏ ਉਨ੍ਹਾਂ ਦੇ ਗਲੇ ਵਿੱਚ ਕਾਫੀ ਜ਼ਿਆਦਾ ਦਰਦ ਰਹਿੰਦਾ ਸੀ। ਇਹ ਦਰਦ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਦੇ ਗਲੇ ਵਿੱਚ ਸੋਜ ਤੱਕ ਹੋ ਗਈ ਸੀ।
- ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਨੱਕ ਵਿੱਚੋਂ ਹਮੇਸ਼ਾ ਪਾਣੀ ਵੱਗਦਾ ਰਹਿੰਦਾ ਹੈ। ਇਹ ਬਿਲਕੁਲ ਮੌਸਮੀ ਫਲੂ ਜਾਂ ਸਰਦੀ ਲੱਗਣ ਜਿਹੇ ਲੱਛਣ ਹਨ। ਕੋਰੋਨਾ ਵਾਇਰਸ ਦੇ ਕਈ ਮਰੀਜ਼ਾਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਇਸ ਬੀਮਾਰੀ ਦੀ ਚਪੇਟ ਵਿੱਚ ਆਉਣ ਦੇ ਬਾਅਦ ਉਹ ਜ਼ੁਬਾਨ ਨਾਲ ਸਵਾਦ ਨੂੰ ਪਛਾਨਣ ਦੀ ਸ਼ਕਤੀ ਗਵਾ ਬੈਠੇ ਹਨ।