ਭਿਆਨਕ ਸੜਕ ਹਾਦਸਿਆਂ ਵਿੱਚ 21 ਲੋਕਾਂ ਦੀ ਦਰਦਨਾਕ ਮੌਤ - ਸ਼ਾਹਜਹਾਂਪੁਰ
ਭਾਰਤ ਦੇ ਦੋ ਸੂਬਿਆਂ ਤੋਂ ਭਿਆਨਕ ਸੜਕ ਹਾਦਸੇ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਦੋਹਾਂ ਹਾਦਿਸਆਂ ਵਿੱਚ 21 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ।
ਸ਼ਾਹਜਹਾਂਪੁਰ/ਕਲਬੁਰਗੀ: ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਅਤੇ ਕਰਨਾਟਕ ਦੇ ਕਲਬੁਰਗੀ ਤੋਂ ਭਿਆਨਕ ਸੜਕ ਹਾਦਸੇ ਦੀ ਖ਼ਬਰ ਆਈ ਹੈ। ਸ਼ਾਹਜਹਾਂਪੁਰ ਵਿੱਚ 2 ਟੈਂਪੂਆਂ ਦੇ ਉੱਤੇ ਟਰੱਕ ਪਲਟ ਗਿਆ, ਜਿਸ ਨਾਲ 16 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਕਲਬੁਰਗੀ ਦੇ ਸਾਵਾਲਾਗੀ ਪਿੰਡ ਨੇੜੇ ਸੋਮਵਾਰ ਦੀ ਰਾਤ ਨੂੰ ਖੜ੍ਹੇ ਟਰੱਕ ਵਿੱਚ ਕਾਰ ਟਕਰਾਉਣ ਨਾਲ ਇੱਕੋ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ।
ਯੂਪੀ ਵਿੱਚ 16 ਲੋਕਾਂ ਦੀ ਮੌਤ
ਮੰਗਲਵਾਰ ਦੀ ਸਵੇਰ ਸ਼ਾਹਜਹਾਂਪੁਰ ਵਿੱਚ ਉਦੋਂ ਹਾਹਾਕਾਰ ਮਚ ਗਿਆ, ਜਦੋਂ ਦੋ ਟੈਂਪੂ ਅਤੇ ਟਰੱਕ ਆਪਸ ਵਿੱਚ ਭਿੜ ਗਏ। ਇਸ ਤੋਂ ਬਾਅਦ ਟਰੱਕ ਟੈਂਪੂਆਂ ਦੇ ਉੱਤੇ ਹੀ ਪਲਟ ਗਿਆ। ਹਾਦਸੇ ਤੋਂ ਬਾਅਦ 16 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੌਕੇ ਉੱਤੇ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪੁੱਜ ਗਏ ਹਨ। ਇਹ ਹਾਦਸਾ ਸ਼ਾਹਜਹਾਂਪੁਰ ਦੇ ਜਮੂਕਾ ਤਿਰਾਹੇ 'ਤੇ ਹੋਇਆ।