ਹੈਦਰਾਬਾਦ: ਟੀਆਰਐਸ ਪਾਰਟੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਕੇਂਦਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਕੀਤਾ ਹੈ। ਮੁੱਖ ਮੰਤਰੀ ਕੇਸੀਆਰ ਨੇ ਕਿਹਾ ਕਿ ਟੀਆਰਐਸ 8 ਦਸੰਬਰ ਨੂੰ ਸਿੱਧੇ ਤੌਰ 'ਤੇ ਕੇਂਦਰ ਸਰਕਾਰ ਵਿਰੁੱਧ ਭਾਰਤ ਬੰਦ 'ਚ ਸ਼ਾਮਲ ਹੋਵੇਗੀ।
ਉਨ੍ਹਾਂ ਕਿਹਾ ਕਿ ਕਿਸਾਨ ਲਗਾਤਾਰ ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਖੇਤੀ ਅਦਾਰੇ ਲਈ ਨਿਆਂ ਦੀ ਲੜਾਈ ਲੜ ਰਹੇ ਹਨ। ਕੇਸੀਆਰ ਨੇ ਯਾਦ ਕਰਵਾਇਆ ਕਿ ਉਨ੍ਹਾਂ ਦੀ ਪਾਰਟੀ ਲਗਾਤਾਰ ਇਸ ਕਾਨੂੰਨ ਨੂੰ ਸੰਸਦ 'ਚ ਭੰਡਦੀ ਰਹੀ ਹੈ, ਕਿਉਂਕਿ ਇਹ ਕਾਨੂੰਨ ਕਿਸਾਨ ਨੂੰ ਮਿਲਣ ਵਾਲੇ ਲਾਭ ਅਤੇ ਫਾਇਦੇ ਲਈ ਹਾਨੀਕਾਰ ਹੈ।
ਕੇਸੀਆਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਲੜਾਈ ਜਾਰੀ ਰਹਿਣੀ ਚਾਹੀਦੀ ਹੈ, ਜਦੋਂ ਤਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਲੱਭ ਜਾਂਦਾ। ਉਨ੍ਹਾਂ ਭਰੋਸਾ ਦਵਾਇਆ ਕਿ ਟੀਆਰਐਸ ਭਾਰਤ ਬੰਦ ਨੂੰ ਸਫ਼ਲ ਬਣਾਉਣ 'ਚ ਆਪਣਾ ਪੂਰਾ ਯੋਗਦਾਨ ਪਾਵੇਗੀ। ਮੁੱਖ ਮੰਤਰੀ ਕੇਸੀਆਰ ਨੇ ਤੇਲੰਗਾਨਾ ਦੇ ਲੋਕਾਂ ਨੂੰ ਵੀ ਕਿਸਾਨ ਭਾਈਚਾਰੇ ਨਾਲ ਖੜਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਗਾਤਾਰ ਕਰ ਰਹੇ ਹਨ। ਕੇਂਦਰ ਅਤੇ ਕਿਸਾਨਾਂ ਵਿਚਕਾਰ ਹੁਣ ਤਕ 5 ਬੈਠਕਾਂ ਹੋ ਗਈਆਂ ਹਨ ਪਰ ਨਤੀਜਾ ਕੋਈ ਨਹੀਂ ਨਿੱਕਲਿਆ। ਇਸੇ ਲਈ ਰੋਸ ਵਜੋਂ ਅਤੇ ਆਪਣੇ ਸੰਘਰਸ਼ ਨੂੰ ਤੇਜ਼ ਕਰਦਿਆਂ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ।