ਨਵੀਂ ਦਿੱਲੀ: ਭਾਰਤੀ ਸਮਾਜ ਵਿੱਚ ਪਸਰੀ ਉੱਚ-ਨੀਚ ਵਿਰੁੱਧ ਝੰਡਾ ਬੁਲੰਦ ਕਰਨ ਵਾਲੇ 'ਭਾਰਤ ਰਤਨ' ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਅੱਜ 129 ਵੀਂ ਜਨਮ ਵਰ੍ਹੇਗੰਡ ਹੈ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉੱਪ-ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸੇ ਨਾਲ ਹੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਟਵੀਟ ਰਾਹੀਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਨੇ ਇਸ ਮੌਕੇ ਇੱਕ ਤਸਵੀਰ ਵੀ ਸਾਂਝੀ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਬਾਬਾ ਸਾਹਿਬ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਾਸੀਆਂ ਦੀ ਤਰਫੋਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ।
ਦੇਸ਼ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਆਪਣੀ ਧਰਮਪਤਨੀ ਨਾਲ ਉਨ੍ਹਾਂ ਦੀ ਤਸਵੀਰ 'ਤੇ ਫੁੱਲਮਾਲਾ ਨਾਲ ਨਮਨ ਕੀਤਾ।
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਵੀ ਬਾਬਾ ਸਾਹਿਬ ਦੀ ਜਯੰਤੀ ਮੋਕੇ ਉਨ੍ਹਾਂ ਨੂੰ ਨਮਨ ਪੇਸ਼ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰਾ ਨਮਨ ਹੈ ਦੇਸ਼ ਦੇ ਮਹਾਨ ਸਮਾਜ ਸੁਧਾਰਕ ਅਤੇ ਸੰਵਿਧਾਨ ਮੁੱਖ ਘਾੜੇ ਬਾਬਾ ਸਾਹਿਬ ਨੂੰ ਉਨ੍ਹਾਂ ਦੇ ਜਨਮ ਵਰ੍ਹੇਗੰਡ ਮੌਕੇ।
ਬਹੁਜਨ ਸਮਾਜ ਪਾਰਟੀ ਦੀ ਮੁਖੀ ਬੀਬੀ ਮਾਇਆਵਤੀ ਨੇ ਵੀ ਬਾਬਾ ਸਾਹਿਬ ਦੇ ਜਮਨ ਦਿਨ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਇਸ ਮੌਕੇ ਬਾਬਾ ਸਾਹਿਬ ਦੇ ਸੰਘਰਸ਼ ਨੂੰ ਚੇਤੇ ਕੀਤਾ।
ਆਓ, ਬਾਬਾ ਸਾਹਿਬ ਦੇ ਜੀਵਨ 'ਤੇ ਇੱਕ ਝਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਬਾਬਾ ਸਾਹਿਬ ਭੀਮ ਰਾਓ ਰਾਮਜੀ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਮਹੂ ਮੱਧ ਸੂਬਾ ਬ੍ਰਿਟਸ਼ ਭਾਰਤ (ਵਰਤਮਾਨ ਮੱਧ ਪ੍ਰਦੇਸ਼) ਵਿੱਚ ਹੋਇਆ। ਉਨ੍ਹਾਂ ਨੇ ਆਪਣੀ ਪੜ੍ਹਾਈ ਭਾਰਤ ਅਤੇ ਬ੍ਰਿਟੇਨ ਦੀਆਂ ਸੰਸਥਾਵਾਂ ਤੋਂ ਮੁਕੰਮਲ ਕੀਤੀ। ਜਿਸ ਮਗਰੋਂ ਉਨ੍ਹਾਂ ਦੇਸ਼ ਵਿੱਚ ਫੈਲੀ ਜਾਤ ਅਧਾਰਤ ਊਚ-ਨੀਚ ਵਿਰੁੱਧ ਝੰਡਾ ਚੁੱਕ ਲਿਆ। ਉਨ੍ਹਾਂ ਭਾਰਤ ਵਿੱਚਲੇ ਇਸ ਕੋੜ੍ਹ ਨੂੰ ਦੂਰ ਕਰਨ ਲਈ ਕਈ ਅੰਦੋਲਨ ਲੜ੍ਹੇ ਅਤੇ ਦੱਬੇ-ਕੁੱਚੇ ਲੋਕਾਂ ਦੇ ਹੱਕਾਂ ਦੀ ਲੜਾਈ ਨੂੰ ਨਵੇਂ ਰੂਪ ਵਿੱਚ ਅੰਕਿਤ ਕੀਤਾ। ਉਨ੍ਹਾਂ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਵੀ ਵਿਆਪਕ ਯੋਗਦਾਨ ਪਾਇਆ। ਭਾਰਤੀ ਸੰਵਿਧਾਨ ਵਿੱਚ ਗਰੀਬ, ਦੱਬੇ-ਕੁੱਛਲੇ ਹੱਕਾਂ ਅਤੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਵਿੱਚਲੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।