ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਗਲਵਾਨ ਘਾਟੀ ਵਿੱਚ ਭਾਰਤੀ ਫ਼ੌਜੀਆਂ ਦੀ ਚੀਨੀ ਫ਼ੌਜੀਆਂ ਨਾਲ ਖ਼ੂਨੀ ਝੜਪ ਹੋਈ, ਜਿਸ ਵਿੱਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ।
ਗਲਵਾਨ ਘਾਟੀ ਵਿਖੇ ਹੋਈ ਇਸ ਖ਼ੂਨੀ ਝੜਪ ਵਿੱਚ ਜਾਨ ਗੁਆਉਣ ਵਾਲੇ ਭਾਰਤੀ ਫ਼ੌਜੀਆਂ ਨੂੰ ਲੇਹ ਵਿਖੇ ਸਥਿਤ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਉਨ੍ਹਾਂ ਨੂੰ ਫ਼ੁੱਲਾਂ ਦੇ ਨਾਲ ਅੰਤਿਮ ਸ਼ਰਧਾਂਜਲੀ ਦਿੱਤੀ ਗਈ।
ਤੁਹਾਨੂੰ ਦੱਸ ਦਈਏ ਕਿ ਇਹ ਸਾਰਾ ਮਾਮਲਾ ਸੋਮਵਾਰ ਦੀ ਰਾਤ ਨੂੰ ਵਾਪਰਿਆ, ਜਦੋਂ ਭਾਰਤੀ ਫ਼ੌਜ ਦੇ ਸਿਪਾਹੀ ਸਿਫ਼ਰ ਤੋਂ ਹੇਠਾਂ ਤਾਪਮਾਨ ਵਿੱਚ ਡਿਊਟੀ ਨਿਭਾਅ ਰਹੇ ਸਨ।
ਸੂਤਰਾਂ ਮੁਤਾਬਕ ਇਸ ਖ਼ੂਨੀ ਝੜਪ ਵਿੱਚ ਚੀਨੀ ਫ਼ੌਜ ਦੇ ਵੀ ਕਈ ਸਿਪਾਹੀ ਮਾਰੇ ਗਏ ਹਨ। ਭਾਰਤੀ ਫ਼ੌਜ ਦੇ ਜੋ 20 ਜਵਾਨ ਇਸ ਝੜਪ ਵਿੱਚ ਸ਼ਹੀਦ ਹੋਏ ਹਨ, ਉਨ੍ਹਾਂ ਵਿੱਚੋਂ 4 ਜਵਾਨ ਪੰਜਾਬ ਦੇ ਚਾਰ ਵੱਖ-ਵੱਖ ਜ਼ਿਲ੍ਹਿਆਂ ਤੋਂ ਹਨ। ਜਿਨ੍ਹਾਂ ਦੀ ਭਾਰਤੀ ਫ਼ੌਜ ਵੱਲੋਂ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ।
ਭਾਰਤੀ ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਝੜਪ ਦੌਰਾਨ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਚੀਨੀ ਜਵਾਨਾਂ ਵੱਲੋਂ ਪੱਥਰਬਾਜ਼ੀ ਅਤੇ ਲੋਹੇ ਦੀਆਂ ਰਾਡਾਂ ਦੀ ਵਰਤੋਂ ਕਾਰਨ ਜਵਾਨ ਜ਼ਖ਼ਮੀ ਹੋਏ।
ਸਾਲ 1967 ਵਿੱਚ ਨਾਥੂ ਲਾ ਵਿੱਚ ਹੋਈ ਝੜਪ ਤੋਂ ਬਾਅਦ ਦੋਵਾਂ ਫ਼ੌਜਾਂ ਵਿਚਾਲੇ ਇਹ ਸਭ ਤੋਂ ਵੱਡਾ ਟਕਰਾਅ ਹੈ। ਉਸ ਸਮੇਂ ਟਕਰਾਅ ਵਿੱਚ 80 ਭਾਰਤੀ ਸੈਨਿਕ ਮਾਰੇ ਗਏ ਸਨ ਅਤੇ 300 ਤੋਂ ਵੱਧ ਚੀਨੀ ਫੌਜੀ ਜਵਾਨ ਮਾਰੇ ਗਏ ਸਨ।
ਤੁਹਾਨੂੰ ਦੱਸ ਦਈਏ ਕਿ ਇਸ ਝੜਪ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਵੀ ਦੁੱਖ ਪ੍ਰਗਟਾਇਆ ਹੈ, ਮੰਤਰਾਲੇ ਨੇ ਕਿਹਾ ਕਿ ਅਸੀਂ ਅਸਲ ਕੰਟਰੋਲ ਰੇਖਾ ਉੱਤੇ ਸਥਿਤੀ ਉੱਤੇ ਨੇੜੇ ਤੋਂ ਨਜ਼ਰ ਰੱਖ ਰਹੇ ਹਾਂ।