ਨਵੀਂ ਦਿੱਲੀ: ਤੀਸ ਹਜ਼ਾਰੀ ਕੋਰਟ ਵਿੱਚ ਸ਼ਨੀਵਾਰ ਨੂੰ ਵਕੀਲਾਂ ਤੇ ਪਲਿਸ ਵਿਚਕਾਰ ਹੋਈ ਝੜਪ ਦਾ ਵਿਵਾਦ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ। ਦਿੱਲੀ ਪੁਲਿਸ ਵਰਦੀ ਵਿੱਚ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।
ਸੋਮਵਾਰ ਨੂੰ ਵਕੀਲਾਂ ਨੇ ਕੰਮਕਾਜ ਬੰਦ ਰੱਖਿਆ ਸੀ ਤੇ ਜਿਸ ਦੌਰਾਨ ਉਨ੍ਹਾਂ ਦੀ ਗੁੰਡਾਗਰਦੀ ਸਾਹਮਣੇ ਆਈ ਸੀ। ਦਿੱਲੀ ਦੀ ਵੱਖ-ਵੱਖ ਅਦਾਲਤਾਂ ਵਿੱਚ ਪੁਲਿਸ ਤੇ ਮੀਡੀਆ ਦੇ ਇਲਾਵਾ ਆਮ ਲੋਕਾਂ ਨਾਲ ਵੀ ਮਾਰਪੀਟ ਕੀਤੀ ਗਈ ਸੀ। ਉੱਥੇ ਹੀ ਬਾਰ ਕਾਉਂਸਲ ਨੇ ਵਕੀਲਾਂ ਨੂੰ ਛੇਤੀ ਤੋਂ ਛੇਤੀ ਕੰਮ 'ਤੇ ਵਾਪਿਸ ਆਉਣ ਦੀ ਅਪੀਲ ਕੀਤੀ ਹੈ।
ਆਈਟੀਓ ਵਿਖੇ ਸਥਿਤ ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਪੁਲਿਸ ਮੁਲਾਜ਼ਮਾਂ ਦੇ ਸਮਰਥਨ ਵਿੱਚ ਉਨ੍ਹਾਂ ਦੇ ਪਰਿਵਾਰ ਵੀ ਆ ਗਏ ਹਨ। ਪੁਲਿਸ ਮੁਲਾਜ਼ਮ ਇੰਡੀਆ ਗੇਟ 'ਤੇ ਕੈਂਡਲ ਮਾਰਚ ਕੱਢਣ ਤੋਂ ਬਾਅਦ ਹੁਣ ਪੁਲਿਸ ਹੈਡਕੁਆਟਰਾਂ 'ਤੇ ਪੁਲਿਸ ਮੁਲਾਜ਼ਮਾਂ ਨਾਲ ਵਿਰੋਧ ਪ੍ਰਦਰਸ਼ਨ ਕਰਨਗੇ।
ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ, ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵਿਰੋਧ ਕਰ ਰਹੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। ਉੱਚ ਅਧਿਕਾਰੀਆਂ ਨੇ ਧਰਨੇ ‘ਤੇ ਜਾ ਰਹੇ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ ਉਹ ਇਸ ਝੜਪ ਵਿੱਚ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦੇ ਇਲਾਜ਼ ਦੇ ਨਾਲ-ਨਾਲ ਇਲਾਜ਼ ਲਈ 25 ਹਜ਼ਾਰ ਰੁਪਏ ਦੀ ਮਦਦ ਵੀ ਕਰਨਗੇ।
ਅਧਿਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਅਨੁਸ਼ਾਸਨ ਦਾ ਹਵਾਲਾ ਵੀ ਦਿੱਤਾ ਹੈ। ਅਧਿਕਾਰੀਆਂ ਦੀ ਇਸ ਅਪੀਲ ਤੋਂ ਬਾਅਦ ਹੁਣ ਧਰਨੇ 'ਤੇ ਬੈਠੇ ਪੁਲਿਸ ਮੁਲਾਜ਼ਮ ਧਰਨੇ ਨੂੰ ਖ਼ਤਮ ਕਰਨ ਲਈ ਵਿਚਾਰ ਕਰ ਰਹੇ ਹਨ।