ਹੈਦਰਾਬਾਦ: ਉਸ ਨੇ ਆਪਣੀ ਸਰੀਰਕ ਅਪੰਗਤਾ ਨੂੰ ਮਜਬੂਤ ਇੱਛਾ ਸ਼ਕਤੀ ਨਾਲ ਹਰਾਇਆ ਅਤੇ ਅੱਗੇ ਵਧਣ ਦਾ ਫੈਸਲਾ ਕੀਤਾ। ਉਸ ਨੇ ਕਦੇ ਦੂਜਿਆਂ ਤੋਂ ਮਦਦ ਨਹੀਂ ਮੰਗੀ ਅਤੇ ਜੁੱਤੇ- ਚਪੱਲ ਦੀ ਮੁਰੰਮਤ ਕਰਨ ਦੇ ਆਪਣੇ ਕੰਮ 'ਤੇ ਭਰੋਸਾ ਕੀਤਾ। ਉਹ ਨਾ ਸਿਰਫ ਆਪਣੀਆਂ ਦੋ ਧੀਆਂ ਦੇ ਸੁੱਖ ਦਾ ਧਿਆਨ ਰੱਖਦਾ ਹੈ ਬਲਕਿ ਆਪਣੀ ਘੱਟ ਆਮਦਨੀ ਦੇ ਚਲਦੇ ਵੀ ਉਨ੍ਹਾਂ ਨੂੰ ਪੜ੍ਹਾਉਂਦਾ ਹੈ। ਉਹ ਕੋਈ ਹੋਰ ਨਹੀਂ ਖੈਰਤਾਬਾਦ ਨਿਵਾਸੀ ਅਮੀਰਪੁਰ ਮਲੇਸ਼ ਹੈ। ਉਸ ਦੀ ਜ਼ਿੰਦਗੀ ਰੱਬ ਦੀ ਮਿਹਰ 'ਤੇ ਸਵਾਲ ਚੁਕਦੀ ਹੈ ਅਤੇ ਕਿਸਮਤ ਨੂੰ ਚੁਣੌਤੀ ਦਿੰਦੀ ਹੈ। ਉਸਦੀ ਜ਼ਿੰਦਗੀ ਉਸ ਵਰਗੇ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਰੋਲ ਮਾਡਲ ਹੈ।
ਮਲੇਸ਼ ਬਚਪਨ ਤੋਂ ਹੀ ਜੁੱਤੀਆਂ ਦੀ ਮੁਰੰਮਤ ਕਰਦਾ ਹੈ। ਉਹ ਆਪਣੀ ਮਾਤਾ ਦੇ ਨਾਲ ਸਕੱਤਰੇਤ ਨੇੜੇ ਫੁੱਟਪਾਥ 'ਤੇ ਬੈਠਦਾ ਸੀ। ਸ਼ੁਰੂਆਤੀ ਦਿਨਾਂ 'ਚ ਜ਼ਿੰਦਗੀ ਸੌਖੀ ਸੀ ਪਰ ਸ਼ੂਗਰ ਦੀ ਬਿਮਾਰੀ ਨੇ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ। ਇਸ ਕਾਰਨ ਉਹ ਮਹੀਨਿਆਂ ਤੱਕ ਬਿਸਤਰੇ 'ਤੇ ਪਿਆ ਰਿਹਾ। ਬਹੁਤ ਇਲਾਜ਼ ਤੋਂ ਬਾਅਦ ਵੀ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਆਖ਼ਰ 'ਚ ਡਾਕਟਰਾਂ ਨੂੰ ਉਸ ਦੀ ਖੱਬੀ ਲੱਤ ਕੱਟਣੀ ਪਈ। ਅਗਲੇ 2 ਸਾਲਾਂ ਦੇ ਅੰਦਰ ਉਸ ਦੀ ਸੱਜੀ ਲੱਤ ਵੀ ਗੰਭੀਰ ਰੂਪ ਵਿੱਚ ਸੰਕਰਮਿਤ ਹੋ ਗਈ ਤੇ ਉਸ ਨੂੰ ਵੀ ਕੱਟਣਾ ਪਿਆ। ਇਸ ਨਾਲ ਉਹ ਬੇਵੱਸ ਹੋ ਗਿਆ ਪਰ ਉਸਨੇ ਕਦੇ ਆਪਣਾ ਮਨੋਬਲ ਡਿੱਗਣ ਨਹੀਂ ਦਿੱਤਾ।
ਮਲੇਸ਼ ਨੇ ਦੱਸਿਆ, "ਮੈਂ ਬਚਪਨ ਤੋਂ ਹੀ ਜੁੱਤੇ ਮੁਰੰਮਤ ਕਰ ਰਿਹਾ ਹਾਂ ਪਰ ਸਿਹਤ ਖ਼ਰਾਬ ਰਹਿਣ ਕਰਕੇ ਮੈਨੂੰ ਇਦਾਂ ਰਹਿਣਾ ਪੈਂਦਾ ਹੈ। ਡਾਈਬਿਟਿਜ਼ ਦੇ ਕਾਰਨ ਪਹਿਲਾਂ ਮੇਰੀ ਖੱਬੀ ਲੱਤ ਤੇ 2 ਸਾਲ ਬਾਅਦ ਸੱਜੀ ਲੱਤ ਕੱਟ ਦਿੱਤੀ ਗਈ। ਮੈਨੂੰ ਹੁਣ ਤੱਕ 10 ਤੋਂ ਜ਼ਿਆਦਾ ਵਾਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੈਂ ਆਪਣੀ ਸਿਹਤ 'ਤੇ ਬਹੁਤ ਪੈਸਾ ਖ਼ਰਚ ਕੀਤਾ ਹੈ ਪਰ ਕੋਈ ਆਰਾਮ ਨਹੀਂ ਹੈ। ਹੁਣ ਮੇਰੇ ਕੋਲ ਇੱਕ ਵੀ ਪੈਸਾ ਨਹੀਂ ਬਚਿਆ ਹੈ। ਪਹਿਲਾਂ ਮੇਰੀ ਮਾਂ ਮੇਰਾ ਧਿਆਨ ਰੱਖਦੀ ਸੀ ਪਰ ਹੁਣ ਮੈਨੂੰ ਖ਼ੁਦ ਜਿਉਣਾ ਸਿੱਖਣਾ ਪਵੇਗਾ। ਮੈਂ ਇਸੇ ਖਿੱਤੇ 'ਚ ਕੰਮ ਕਰਦਾ ਰਹਾਂਗਾ।"
ਮਲੇਸ਼ ਆਪਣੇ ਪਰਿਵਾਰ 'ਚ ਕਮਾਉਣ ਵਾਲਾ ਇਕਲੌਤਾ ਵਿਅਕਤੀ ਹੈ। ਉਹ ਖੈਰਾਤਾਬਾਦ 'ਚ ਇੱਕ ਐਨਜੀਓ ਵੱਲੋਂ ਚਲਾਏ ਜਾਂਦੇ ਸਕੂਲ 'ਚ ਆਪਣੀਆਂ ਦੋਹਾਂ ਧੀਆਂ ਵੈਸ਼ਣਵੀ ਤੇ ਸਿਰੀਸ਼ਾ ਨੂੰ ਪੜ੍ਹਨ ਲਈ ਭੇਜਦਾ ਹੈ। ਉਸ ਨੇ ਆਪਣੀ ਸਰੀਰਕ ਅਪਾਹਜਤਾ ਨੂੰ ਭੁਲ ਕੇ ਆਪਣੇ ਕਾਰੋਬਾਰ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਹ ਫੁਟਪਾਥ 'ਤੇ ਸਵੇਰੇ 9.30 ਵਜੇ ਤੋਂ ਰਾਤ 8 ਵਜੇ ਤੱਕ ਜੁੱਤੀਆਂਦੀ ਮੁਰੰਮਤਦਾ ਕੰਮ ਕਰਦਾ ਹੈ ਅਤੇ ਆਪਣੇ ਕਮਾਏ ਪੈਸਿਆਂ ਨਾਲ ਆਪਣੀ ਧੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ।