ਦਿੱਲੀ- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾ਼ਫ ਪੰਜਾਬ ਤੋਂ ਸ਼ੁਰੂ ਹੋਇਆ ਪ੍ਰਦਰਸ਼ਨ ਪੂਰੇ ਦੇਸ਼ ਦੇ ਕਿਸਾਨਾਂ ਵਿੱਚ ਫ਼ੈਲ ਗਿਆ ਹੈ। ਪੰਜਾਬ ਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ਉੱਤੇ ਬੈਠ ਗਏ ਹਨ। ਜਿਨ੍ਹਾਂ ਨਾਲ ਕਾਫ਼ੀ ਸਮੇਂ ਤੋਂ ਖੇਤੀ ਕਾਨੂੰਨਾਂ ਖਿਲਾਫ਼ ਸ਼ੰਭੂ ਬਾਰਡਰ ਧਰਨੇ ਉੱਤੇ ਪੱਕਾ ਮੋਰਚਾ ਲਾਈ ਬੈਠੇ ਪੰਜਾਬੀ ਅਦਾਕਾਰ ਦੀਪ ਸਿੱਧੂ ਵੀ ਪੁੱਜੇ ਹੋਏ ਹਨ।
ਦੀਪ ਸਿੱਧੂ ਵੱਲੋਂ ਦਿੱਤੀ ਗਈ ਇੱਕ ਇੰਟਰਵਿਊ ਤੋਂ ਬਾਅਦ ਕਿਸਾਨਾਂ ਦੇ ਸੰਘਰਸ਼ ਨੂੰ ਇੱਕ ਵਰਗ ਵੱਲੋਂ ਖ਼ਾਲਿਸਤਾਨ ਨਾਲ ਜੋੜ ਕੇ ਦੇਖਿਆ ਜਾਣ ਲੱਗਾ। ਇਸ ਮੁੱਦੇ 'ਤੇ ਅਦਾਕਾਰ ਦੀਪ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਬਿਆਨ ਦੇ ਇੱਕ ਖ਼ਾਸ ਹਿੱਸੇ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਇਹ ਸੰਘਰਸ਼ ਕੇਵਲ ਕਿਸਾਨਾਂ ਦੇ ਹਿੱਤਾਂ ਅਤੇ ਮੰਗਾਂ ਲਈ ਹੈ।
ਦੀਪ ਨੇ ਕਿਹਾ ਕਿ ਇੱਥੇ ਮੌਜੂਦ ਲੋਕਾਂ ਵਿੱਚ ਹਰ ਇਨਸਾਨ ਕਿਸੇ ਪਾਰਟੀ ਜਾਂ ਯੂਨੀਅਨ ਦਾ ਹਿੱਸਾ ਨਹੀਂ ਸਗੋਂ ਆਪਣੀ ਜਮੀਨ, ਆਪਣੇ ਸੱਭਿਆਚਾਰ ਅਤੇ ਪੰਜਾਬ ਲਈ ਆਇਆ ਹੈ।