ਹੈਦਰਾਬਾਦ (ਤੇਲੰਗਾਨਾ): ਪ੍ਰਾਈਵੇਟ ਹਸਪਤਾਲਾਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਕੋਵਿਡ-19 ਦੇ ਟੈਸਟ ਕਰਨ ਦੀ ਮਨਜ਼ੂਰੀ ਦੇਣ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਟੈਸਟਾਂ ਅਤੇ ਇਲਾਜ ਦੀਆਂ ਫੀਸਾਂ ਨਿਰਧਾਰਤ ਕਰ ਦਿੱਤੀਆਂ ਹਨ।
ਸੂਬੇ ਦੇ ਸਿਹਤ ਮੰਤਰੀ ਈ. ਰਜਿੰਦਰਾ ਨੇ ਐਲਾਨ ਕਰਦਿਆਂ ਕਿਹਾ ਕਿ ਕੋਵਿਡ-19 ਦਾ ਟੈਸਟ 2200 ਰੁਪਏ ਅਤੇ ਇਲਾਜ 4000 ਤੋਂ 9000 ਦੇ ਵਿਚਕਾਰ ਹੋਵੇਗਾ। ਸਿਹਤ ਮੰਤਰੀ ਈ. ਰਾਜੇਂਦਰ ਨੇ ਕਿਹਾ, “ਆਮ ਆਈਸੋਲੇਸ਼ਨ ਵਾਰਡ 'ਚ ਇਲਾਜ ਲਈ ਇੱਕ ਦਿਨ 'ਚ 4,000 ਰੁਪਏ ਅਤੇ ਬਿਨਾਂ ਵੈਂਟੀਲੇਟਰ ਵਾਲੇ ਆਈ.ਸੀ.ਯੂ. 'ਚ 7,500 ਰੁਪਏ ਅਤੇ ਵੈਂਟੀਲੇਟਰ ਵਾਲੇ ਆਈਸੀਯੂ ਲਈ ਹਸਪਤਾਲ 9000 ਰੁਪਏ ਵਸੂਲ ਸਕਦਾ ਹੈ। ਗਰੀਬਾਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਸਭ ਤੱਕ ਇਲਾਜ ਦੀ ਪਹੁੰਚ ਬਣਾਉਣ ਲਈ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਅਤੇ ਗਾਈਡਲਾਈਨਜ਼ ਤਿਆਰ ਕੀਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਪ੍ਰਾਈਵੇਟ ਹਸਪਤਾਲ ਅਤੇ ਲੈਬਜ਼, ਜਿਨ੍ਹਾਂ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੀ ਪ੍ਰਵਾਨਗੀ ਪ੍ਰਾਪਤ ਹੈ, ਉਹ ਇਨਫਲੂਐਨਜ਼ਾ ਜਿਵੇਂ ਆਈਐਲਆਈ ਅਤੇ ਗੰਭੀਰ ਸਾਹ ਸਬੰਧੀ ਬਿਮਾਰੀ (SARI) ਦੇ ਲੱਛਣਾਂ ਦੀ ਰਿਪੋਰਟ ਕਰਨ ਵਾਲੇ ਲੋਕਾਂ ਦੇ ਕੋਵਿਡ -19 ਟੈਸਟ ਕਰ ਸਕਦੇ ਹਨ।