ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸ਼ਨੀਵਾਰ ਨੂੰ ਅਧਿਆਪਕ ਦਿਵਸ ਦੇ ਮੌਕੇ 'ਤੇ 47 ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਤ ਕਰਨਗੇ।
ਰਾਸ਼ਟਰਪਤੀ ਕੋਵਿੰਦ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਅਧਿਆਪਕਾਂ ਨੂੰ ਸਨਮਾਨਤ ਕਰਨਗੇ। ਇਨ੍ਹਾਂ ਵਿੱਚੋਂ ਦੋ ਅਧਿਆਪਕ ਦਿਵਿਆਂਗ ਸ਼੍ਰੇਣੀ ਵਿੱਚ ਹਨ। ਇਹ ਅਧਿਆਪਕ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ-ਨਾਲ 7 ਸੰਸਥਾਵਾਂ ਦੇ ਵੀ ਹਨ। ਇਨ੍ਹਾਂ ਵਿੱਚ ਕੇਂਦਰੀ ਸਕੂਲ, ਜਵਾਹਰ ਨਵੋਦਿਆ ਸਕੂਲ, ਸੈਕੰਡਰੀ ਸਿੱਖਿਆ ਬੋਰਡ, ਅਟਾਮਿਕ ਸਿੱਖਿਆ ਸੁਸਾਇਟੀ ਆਦਿ ਸ਼ਾਮਲ ਹਨ।
ਅਧਿਆਪਕ ਦਿਵਸ ਦੀ ਇੱਕ ਸ਼ਾਮ ਪਹਿਲਾ ਰਾਸ਼ਟਰਪਤੀ ਕੋਵਿੰਦ ਨੇ ਆਪਣੇ ਸੰਬੋਧਨ 'ਚ ਰਾਸ਼ਟਰ ਨਿਰਮਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਨੂੰ ਦਰਸਾਉਂਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ।
ਰਾਸ਼ਟਰਪਤੀ ਕੋਵਿੰਦ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਹਰ ਸਾਲ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਵਰਗੇ ਮਹਾਨ ਅਧਿਆਪਕ ਦੇ ਜਨਮ ਦਿਵਸ ‘ਤੇ ਉਨ੍ਹਾਂ ਦੀ ਯਾਦ ਵਿੱਚ ਅਧਿਆਪਕ ਦਿਵਸ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ। ਮੈਂ ਉਨ੍ਹਾਂ ਅਧਿਆਪਕਾਂ ਨੂੰ ਆਪਣੀਆਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ ਜਿਨ੍ਹਾਂ ਨੂੰ ਸਨਮਾਨਤ ਕੀਤਾ ਜਾਣਾ ਹੈ।”
ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਅਧਿਆਪਕ ਸਿਰਫ ਸਿੱਖਿਆ ਦੇਣ ਵਾਲਾ ਇੱਕ ਵਿਅਕਤੀ ਨਹੀਂ ਹੁੰਦਾ, ਬਲਕਿ ਉਹ ਤੁਹਾਡਾ ਨੈਤਿਕ ਸਰਪ੍ਰਸਤ ਵੀ ਹੁੰਦਾ ਹੈ ਅਤੇ ਵਿਦਿਆਰਥੀਆਂ ਦੇ ਅੰਦਰ ਕਦਰਾਂ ਕੀਮਤਾਂ ਨੂੰ ਪੈਦਾ ਕਰਦਾ ਹੈ। ਆਪਣੇ ਸਬਰ ਅਤੇ ਸੰਜਮ ਨਾਲ ਅਧਿਆਪਕ ਨਾ ਸਿਰਫ ਵਿਦਿਆਰਥੀਆਂ ਨੂੰ ਸਾਡੀ ਸਭਿਆਚਾਰ ਦੀ ਅਮੀਰ ਪਰੰਪਰਾ ਨਾਲ ਜਾਣੂ ਕਰਾਉਂਦੇ ਹਨ ਬਲਕਿ ਇੱਕ ਆਦਰਸ਼ ਅਧਿਆਪਕ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਵੀ ਪ੍ਰੇਰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਧਿਆਪਕ ਵਿਦਿਆਰਥੀਆਂ ਅਤੇ ਰਾਸ਼ਟਰ ਦੇ ਨਿਰਮਾਤਾ ਲਈ ਕਾਰਜਸ਼ੀਲ ਸ਼ਕਤੀ ਹਨ।
ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਚੇਲੇ ਦੀ ਪਰੰਪਰਾ ਨੂੰ ਸਤਿਕਾਰ ਨਾਲ ਵੇਖਿਆ ਜਾਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਮਾਜ ਵਿੱਚ ਬਦਲ ਰਹੇ ਸਮੇਂ ਦੇ ਮੱਦੇਨਜ਼ਰ ਸਿੱਖਿਆ ਪ੍ਰਣਾਲੀ ਵਿੱਚ ਤਬਦੀਲੀ ਦੀ ਲੋੜ ਹੈ ਅਤੇ ਸਮਾਜ ਦੀ ਬਿਹਤਰੀ ਲਈ ਅਧਿਆਪਕਾਂ ਦੇ ਵਧੇਰੇ ਯੋਗਦਾਨ ਦੀ ਲੋੜ ਹੈ। ਉਮੀਦ ਹੈ ਕਿ ਅਧਿਆਪਕ ਇੱਕ ਮਹਾਨ ਰਾਸ਼ਟਰ ਦੀ ਉਸਾਰੀ ਵਿੱਚ ਆਪਣਾ ਰੋਲ ਅਦਾ ਕਰਦੇ ਰਹਿਣਗੇ ਅਤੇ ਵਿਦਿਆਰਥੀ ਭਾਈਚਾਰੇ ਨੂੰ ਬੁੱਧੀਮਾਨ ਬਣਾਉਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਦੇਸ਼ ਦੀ ਅਗਵਾਈ ਕਰ ਸਕਣ।
ਜ਼ਿਕਰਯੋਗ ਹੈ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ (5 ਸਤੰਬਰ) ਦਾ ਜਨਮਦਿਨ ਭਾਰਤ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਆਪਣੇ ਜਨਮਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਉਣ ਦੀ ਇੱਛਾ ਜ਼ਾਹਰ ਕੀਤੀ ਸੀ।