ਨਵੀਂ ਦਿੱਲੀ: ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਫ਼ੌਜ ਅਰੁਣਾਚਲ ਪ੍ਰਦੇਸ਼ ਦੇ ਸੁਬਨਸਿਰੀ ਜ਼ਿਲ੍ਹੇ ਦੇ ਪੰਜ ਵਿਅਕਤੀਆਂ ਨੂੰ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਫ਼ੌਜੀਆਂ ਵੱਲੋਂ ਅਗਵਾ ਕਰ ਲੈਣ ਦੇ ਮਾਮਲੇ ਨੂੰ ਲੈ ਕੇ ਪੀਐਲਏ ਨਾਲ ਗੱਲਬਾਤ ਕਰ ਰਹੀ ਹੈ।
ਅਰੁਣਾਚਲ ਪੱਛਮੀ ਹਲਕੇ ਤੋਂ ਸੰਸਦ ਮੈਂਬਰ ਕਿਰਨ ਰਿਜੀਜੂ ਨੇ ਇੱਕ ਹਿੰਦੀ ਟੈਲੀਵੀਜ਼ਨ ਨਿਊਜ਼ ਚੈਨਲ ਦੇ ਇੱਕ ਪੱਤਰਕਾਰ ਦੇ ਟਵੀਟ ਦਾ ਜਵਾਬ ਦਿੱਤਾ ਹੈ।
ਰਿਜਿਜੂ ਨੇ ਟਵੀਟ ਕਰਦਿਆਂ ਲਿਖਿਆ, "ਭਾਰਤੀ ਫ਼ੌਜ ਪਹਿਲਾਂ ਹੀ ਅਰੁਣਾਚਲ ਪ੍ਰਦੇਸ਼ ਵਿੱਚ ਸਥਿਤ ਸਰਹੱਦੀ ਬਿੰਦੂ 'ਤੇ ਹਮਰੁਤਬਾ ਪੀਐਲਏ ਨੂੰ ਹਾਟਲਾਈਨ ਸੰਦੇਸ਼ ਭੇਜ ਚੁੱਕੀ ਹੈ, ਜਵਾਬ ਦੀ ਉਡੀਕ ਹੈ।
ਦੱਸ ਦਈਏ ਕਿ ਸਨਿੱਚਰਵਾਰ ਨੂੰ ਇਕ ਸਥਾਨਕ ਅਖਬਾਰ ਨੇ ਇਕ ਰਿਪੋਰਟ ਛਾਪੀ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਟੈਗਿਨ ਕਮਿਊਨਿਟੀ ਦੇ ਪੰਜ ਲੋਕ ਜੋ ਨਾਚੋ ਕਸਬੇ ਨੇੜੇ ਇਕ ਪਿੰਡ ਵਿਚ ਰਹਿੰਦੇ ਸਨ, ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਸੀ। ਅਖਬਾਰ ਨੇ ਕਿਹਾ ਕਿ ਕਥਿਤ ਅਗਵਾ ਦੇ ਸਮੇਂ ਉਹ ਜੰਗਲਾਂ ਵਿੱਚ ਸ਼ਿਕਾਰ ਕਰ ਰਹੇ ਸਨ।