ਇਸ ਕੋਵਿਡ 19 ਮਹਾਂਮਾਰੀ ਦਾ ਇੱਕ ਬਹੁਤ ਹੀ ਨਾਕਾਰਾਤਮਕ ਅਤੇ ਸੰਭਾਵਿਤ ਤੌਰ ’ਤੇ ਖ਼ਤਰਨਾਕ ਪ੍ਰਗਟਾਵਾ ਹੋਇਆ ਹੈ ਜੋ ਕਿ ਅਪ੍ਰੈਲ ਦੇ ਅਰੰਭ ਵਿੱਚ ਭੜਕਿਆ ਸੀ ਅਤੇ ਇਸ ਨੂੰ ਜਾਣ ਬੁਝ ਕੇ ਰੋਕਿਆ ਨਹੀਂ ਗਿਆ ਸੀ, ਅਤੇ ਮੀਡੀਆ ਦੇ ਨਾਲ ਜੁੜਿਆ ਇਹ ਰੁਝਾਨ ਭਾਰਤ ਦੀ ਸਮਾਜਿਕ ਸਦਭਾਵਨਾ ਅਤੇ ਇਸ ਦੇ ਨਾਲ ਹੀ ਜੁੜੀ ਹੋਈ ਅੰਦਰੂਨੀ ਸੁਰੱਖਿਆ ਦੇ ਆਯਾਮ ਨੂੰ ਸ਼ਦੀਦ ਅਤੇ ਤਸ਼ਵੀਸ਼ਨਾਕ ਢੰਗ ਨਾਲ ਪ੍ਰਭਾਵਤ ਕਰ ਸਕਦਾ ਹੈ।
ਮਾਰਚ ਦੇ ਅੱਧ ਵਿਚ ਨਿਜ਼ਾਮੂਦੀਨ ਵਿਖੇ ਇਕ ਰੂੜ੍ਹੀਵਾਦੀ ਮੁਸਲਿਮ ਧਾਰਮਿਕ ਸਮੂਹ ‘ਤਬਲੀਗੀ ਜਮਾਤ’ (ਜਿਸਦੀ ਸਥਾਪਨਾ 1927 ਵਿਚ ਹੋਈ ਸੀ) ਦਾ ਇੱਕ ਭਾਰੀ ਇਕੱਠ ਹੋਇਆ ਜਿਸ ਵਿੱਚ ਵੱਡੀ ਗਿਣਤੀ ਦੇ ਵਿਚ ਵਿਦੇਸ਼ਾਂ ਤੋਂ ਆਏ ਲੋਕਾਂ ਨੇ ਵੀ ਹਿੱਸਾ ਲਿਆ ਅਤੇ ਇਸ ਤੋਂ ਬਾਅਦ ਭਾਰਤੀ ਮੀਡੀਆ ਦੇ ਇੱਕ ਖਾਸ ਹਿੱਸੇ ਵੱਲੋਂ ਜਮਾਤ ਦੀ ਇਸ ਬੈਠਕ ਦਾ ਸਿੱਧਾ ਸਬੰਧ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਵੱਡੇ ਪੱਧਰ ਦੇ ਉੱਤੇ ਫੈਲਣ ਨਾਲ ਜੋੜਿਆ ਗਿਆ, ਜਿਸ ਦੇ ਕਾਰਨ ਭਾਰਤ ਦੇ ਵਿੱਚ ਇਸ ਸਭ ਨੂੰ ਲੈ ਕੇ ਇਕ ਬਹੁਤ ਵੱਡਾ ਡਰ ਘਰ ਕਰ ਗਿਆ।
ਮਾਰਚ ਦੇ ਅੰਤ ਤੋਂ ਲੈ ਕੇ ਅਪ੍ਰੈਲ ਦੇ ਅਰੰਭ ਤੱਕ ਦੇ ਵਕਫ਼ੇ ਵਿੱਚ, ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕੋਰੋਨਾ ਸੰਕਰਮਣ ਦੇ ਅਜਿਹੇ ਕੇਸ ਸਾਹਮਣੇ ਆਏ ਜਿਹਨਾਂ ਨੂੰ ਨਿਜ਼ਾਮੂਦੀਨ ਤਬਲੀਗੀ ਜਮਾਤ (ਟੀਜੇ) ਵਿੱਚ ਹਿੱਸਾ ਲੈਣ ਵਾਲਿਆਂ ਦੇ ਨਾਲ ਜੋੜਿਆ ਗਿਆ ਅਤੇ ਫ਼ਿਰ ਆਡੀਓ - ਵਿਜ਼ੂਅਲ ਸੰਚਾਰ ਮਾਧਿਅਮਾਂ ਦੇ ਦੁਆਰਾ ਇਸ ਦੀ ਵਿਆਪਕ ਰਿਪੋਰਟ ਵੀ ਸ਼ਾਇਆ ਕੀਤੀ ਗਈ।
ਅਫ਼ਸੋਸ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਸੰਪਰਦਾਇਕ ਅਤੇ ਮੁਸਲਿਮ ਵਿਰੋਧੀ ਫ਼ਿਰਕੂ ਪੱਖਪਾਤ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਨਾਲ ਸਬੰਧਤ ਸਾਲ 2020 ਦੇ ਅਰੰਭ ਵਾਲੇ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨ ਦੌਰਾਨ ਦੇਖਣ ਨੂੰ ਮਿਲਿਆ ਸੀ, ਉਹ ਇੱਕ ਵਾਰ ਫ਼ੇਰ ਬੜੇ ਹੀ ਬਦਸੂਰਤ ਢੰਗ ਨਾਲ ਆਡੀਓ-ਵਿਜ਼ੂਅਲ ਮੀਡੀਆ ਦੇ ਇੱਕ ਖਾਸ ਹਿੱਸੇ ਵਿੱਚ ਭੜਕ ਉੱਠਿਆ।
ਕੁਝ ਖਾਸ ਟੀਵੀ ਚੈਨਲਾਂ ਨੇ ਕੋਰੋਨਾ ਕੇਸਾਂ ਦੇ ਫੈਲਣ ਬਾਰੇ ਉਨ੍ਹਾਂ ਦੀਆਂ ਆਪਣੀਆਂ ਰਿਪੋਰਟਾਂ ਨੂੰ ਬੜੇ ਹੀ ਸਪਸ਼ਟ ਤੌਰ ਦੇ ਉੱਤੇ ਪੱਖਪਾਤੀ ਰੂਪੋ - ਆਕਾਰ ਦਿੱਤਾ, ਅਤੇ ਇਸ ਤਰਾਂ ਨਾਲ ਇਸ ਵਿਸ਼ਾਣੂੰ ਦੇ ਫਿਰਕੂ ਆਯਾਮ ਨੂੰ ਉਘਾੜਿਆ। ਅਪ੍ਰੈਲ ਦੇ ਅਰੰਭ ਵਿਚ ਤਬਲੀਗ਼ੀ-ਵਾਇਰਸ ਅਤੇ ਕੋਰੋਨਾ-ਜੇਹਾਦ ਵਰਗੇ ਵਾਕਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਵਿਆਪਕ ਤੌਰ ’ਤੇ ਵਰਤੋਂ ਕੀਤੀ ਜਾਂਦੀ ਸੀ ਅਤੇ ਕਦੀ ਕਦੀ ਤਾਂ ਅਜਿਹੀਆਂ ਅਜੀਬੋਗਰੀਬ ਖ਼ਬਰਾਂ ਵੀ ਦੇਖਣ – ਸੁਨਣ ਨੂੰ ਮਿਲਦੀਆਂ ਜੋ ਇਹ ਸੁਝਾਅ ਦੇਣ ਦੀ ਹੱਦ ਤਕ ਜਾਂਦੀਆਂ ਪ੍ਰਤੀਤ ਹੋ ਰਹੀਆਂ ਸਨ ਕਿ ਜਿਵੇਂ ਕਿ ਇਹ ਵਾਇਰਸ ਨਿਜ਼ਾਮੂਦੀਨ ਵਿਚ ਉਤਪਨ ਹੋਇਆ ਹੋਵੇ – ਵੁਹਾਨ (ਚੀਨ) ਵਿੱਚ ਨਹੀਂ!
ਕੁਝ ਪ੍ਰਮੁੱਖ ਟੀਵੀ ਚੈਨਲਾਂ ਅਤੇ ਨਿਊਜ਼ ਏਜੰਸੀਆਂ ਤਾਂ ਐਨੀ ਜ਼ਿਆਦਾ ਮਸ਼ੱਕਤ ਕਰ ਰਹੀਆਂ ਸਨ ਕਿ ਉਹਨਾਂ ਨੇ ਇਹ ਝੂਠੀਆਂ ਖਬਰਾਂ ਨੂੰ ਫ਼ੈਲਾਉਣਾ ਸ਼ੁਰੂ ਕਰ ਦਿੱਤਾ ਕਿ ਤਬਲੀਗੀ ਜਮਾਤ (ਟੀ.ਜੇ.) ਦੇ ਉਹ ਮੈਂਬਰ ਜਿਨ੍ਹਾਂ ਨੂੰ ਕਰੋਨਾ ਸੰਕਰਮਣ ਦੀ ਨਿਗਰਾਨੀ ਵਾਸਤੇ ਹਸਪਤਾਲ ਲਿਜਾਇਆ ਗਿਆ ਸੀ, ਉਹਨਾਂ ਨੇ ਮੈਡੀਕਲ ਸਟਾਫ ਨਾਲ ਦੁਰਵਿਵਹਾਰ ਕੀਤਾ ਅਤੇ ਜਨਤਕ ਥਾਵਾਂ ਦੇ ਉੱਤੇ ਹਾਜਤ ਰਫ਼ਾ ਵੀ ਕੀਤੀ। ਇੱਕ ਚੈਨਲ ਤਾਂ ਸਟਿੰਗ ਆਪ੍ਰੇਸ਼ਨ ਕਰਨ ਦੀ ਹੱਦ ਤੱਕ ਵੀ ਗਿਆ ਜਿਸ ਵਿੱਚ ਉਹ ਹਰ ਸੰਭਵ ਹੀਲੇ ਇਸ ਗੱਲ ਨੂੰ ਸਾਬਿਤ ਅਤੇ ਸਥਾਪਤ ਕਰਨ ’ਤੇ ਆਮਾਦਾ ਸੀ ਕਿ ਤਬਲੀਗੀ ਜਮਾਤ ਵੱਲੋਂ 24 ਮਾਰਚ ਨੂੰ ਐਲਾਨੇ ਗਏ ਤਾਲਾਬੰਦੀ ਦੇ ਵਕਫ਼ੇ ਦੌਰਾਨ ਜਾਣ ਬੁੱਝ ਕੇ ਕੋਵਿਡ 19 ਦੇ ਪ੍ਰੋਟੋਕੋਲਾਂ ਦੀ ਉਲੰਘਣਾ ਕੀਤੀ ਗਈ ਸੀ।
ਅਜਿਹੀਆਂ ਘਟੀਆ ਅਤੇ ਨਿੰਦਣਯੋਗ ਰਿਪੋਰਟਾਂ ਬਾਅਦ ਵਿੱਚ ਪੜਤਾਲ ਕਰਨ ਦੇ ਉੱਤੇ ਬੇਬੁਨਿਆਦ ਪਾਈਆਂ ਗਈਆਂ ਅਤੇ ਸੋਸ਼ਲ ਮੀਡੀਆ 'ਤੇ ਮੌਜੂਦ ਵੱਖ-ਵੱਖ ਤੱਥਾਂ ਦੀ ਪੜਤਾਲ ਕਰਨ ਵਾਲੇ ਸਮੂਹਾਂ ਨੇ ਜਾਅਲੀ ਖ਼ਬਰਾਂ ਦੀ ਉਸ ਹੱਦ ਦਾ ਖੁਲਾਸਾ ਕੀਤਾ ਜਿਸ ਨੂੰ ਘੱਟ ਗਿਣਤੀ ਮੁਸਲਿਮ ਭਾਈਚਾਰੇ ਨੂੰ ਬੁਰੀ ਰੌਸ਼ਨੀ ਦੇ ਵਿੱਚ ਪ੍ਰਸਤੁੱਤ ਕਰਨ ਵਾਸਤੇ ਜਾਣਬੁੱਝ ਕੇ ਅਤੇ ਮੰਸੂਬਾਬੰਦੀ ਕਰਕੇ ਪ੍ਰਚਾਰਿਆ ਗਿਆ ਸੀ। ਨਿਜ਼ਾਮੂਦੀਨ ਵਿਚ ਤਬਲੀਗੀ ਜਮਾਤ ਦੇ ਇਕੱਠ ਦੇ ਉੱਤੇ ਜਨਤਕ ਸਿਹਤ ਦੀਆਂ ਪਾਬੰਦੀਆਂ ਦੀ ਨਿਯਮਾਂ ਨੂੰ ਤਾਕ ’ਤੇ ਰੱਖਣ ਤੋਂ ਸ਼ੁਰੂ ਹੋ ਕੇ ਤੇ ਉਸਨੂੰ ਐਕਸਟ੍ਰਾਪੋਲੇਟ ਕਰਕੇ ਸਮੁੱਚੇ ਭਾਰਤੀ ਮੁਸਲਿਮ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਇਸ ਲਾਹਨਤੀ ਮੀਡੀਆ ਦੇ ਇਸ ਹਿੱਸੇ ਨੇ ਬੜੀ ਚਲਾਕੀ ਅਤੇ ਛਲ ਨਾਲ ਕੀਤੀ ਸੀ ਅਤੇ ਇਸ ਦੇ ਇਉਂ ਕਰਨ ਦਾ ਇਹ ਢੰਗ ਤਰੀਕਾ ਚੰਗੀ ਤਰਾਂ ਜਾਣਿਆ ਪਛਾਣਿਆ ਤਰੀਕਾ ਹੈ।
ਇਸ ਵਿੱਚ ਕੋਈ ਸ਼ੱਕ ਜਾਂ ਦੋ ਰਾਏ ਨਹੀਂ ਕਿ ਤਬਲੀਗੀ ਜਮਾਤ ਦੇ ਮੋਹਰੀ ਆਗੂਆਂ ਨੂੰ ਇਸ ਗੱਲ ਲਈ ਜੁੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਕਿ ਉਹਨਾਂ ਨੇ ਜਿਸ ਕਦਰ ਮਾਰਚ ਦੇ ਅੱਧ ਵਿੱਚ ਇਸ ਜਮਾਤ ਦੇ ਸਮਾਗਮ ਦਾ ਆਯੋਜਨ ਕੀਤਾ ਸੀ ਬਾਵਜੂਦ ਇਸ ਦੇ ਕਿ ਠੀਕ ਉਸੇ ਵੇਲੇ ਚੁਪਾਸਿਉਂ ਕੋਵਿਡ 19 ਦੀ ਮਹਾਂਮਾਰੀ ਦੇ ਫ਼ੈਲਣ ਦੀਆਂ ਵਿਆਪਕ ਰੂਪ ਦੇ ਵਿੱਚ ਖਬਰਾਂ ਅਤੇ ਰਿਪੋਟਾਂ ਆ ਰਹੀਆਂ ਸਨ – ਪਰ ਇਸ ਦੇ ਨਾਲ ਇਹ ਵੀ ਕਿ ਚੋਣਵੇਂ ਮੀਡੀਆ ਦੇ ਇਸ ਪੱਖਪਾਤੀ ਵਿਵਹਾਰ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਵਿਅਕਤੀਆਂ ਦੇ ਵੱਡੇ ਇਕੱਠਾਂ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ 24 ਮਾਰਚ ਵਾਲੇ ਦੇਸ਼ ਨੂੰ ਸੰਬੋਧਨ ਦੇ ਵਿੱਚ ਅਜਿਹੀ ਲਕਸ਼ਮਣ ਰੇਖਾ ਦੀ ਘੋਸ਼ਣਾ ਵੀ ਕੀਤੀ ਸੀ।
ਇਸ ਤਰ੍ਹਾਂ ਇਹ ਇੱਕ ਤੱਥ ਹੈ ਕਿ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਤਬਲੀਗ਼ੀ ਹਿੱਸਾ ਲੈਣ ਬੜੀਆਂ ਹੀ ਸੀਮਤ, ਸੰਕੁਚਿਤ ਅਤੇ ਭੀੜ੍ਹੀਆਂ ਥਾਵਾਂ ਤੇ ਉੱਤੇ ਇੱਕ ਲੰਮੇਂ ਵਕਫ਼ੇ ਲਈ ਰਹਿ ਰਹੇ ਸਨ, ਜੋ ਕਿ ਜਨਤਕ ਸਿਹਤ ਉਹਨਾਂ ਨਿਯਮਾਂ ਦੀ ਸਪੱਸ਼ਟ ਉਲੰਘਣਾ ਜਿਨ੍ਹਾਂ ਦੀ ਮੌਜੂਦਾ ਪ੍ਰਸਥਿਤੀਆਂ ਨਾਲ ਨਿਪਟਣ ਵਾਸਤੇ ਖਾਸ ਤੌਰ ’ਤੇ ਘੋਸ਼ਣਾ ਕੀਤੀ ਗਈ ਸੀ, ਅਤੇ ਮੀਡੀਆ ਨੂੰ ਇਹ ਜਾਇਜ਼ ਹੱਕ ਹਰ ਹਾਲ ਹਾਸਿਲ ਸੀ ਕਿ ਉਹ ਅਜਿਹਿਆਂ ਕਿਸੇ ਵੀ ਤਰ੍ਹਾਂ ਦੀਆਂ ਅਵੱਗਿਆਂਵਾਂ ਅਤੇ ਉਲੰਘਣਾਵਾਂ ਦੇ ਬਾਰੇ ਦੱਸਣ, ਜਿੱਥੇ ਕਿਤੇ ਵੀ ਇਹ ਵਾਪਰ ਰਹੀਆਂ ਸਨ।
ਹੁਣ, ਸਵਾਲ ਇਹ ਵੀ ਉਠਾਏ ਜਾ ਰਹੇ ਹਨ ਕਿ ਸਥਾਨਕ ਪੁਲਿਸ ਨੇ ਅਜਿਹੇ ਕਿਸੇ ਸਮਾਗਮ ਦੇ ਹੋਣ ਜਾਂ ਕਰਵੇ ਜਾਣ ਦੀ ਇਜਾਜ਼ਤ ਆਖਿਰ ਕਿਵੇਂ ਅਤੇ ਕਿਉਂ ਦਿੱਤੀ ਉਹ ਵੀ ਉਦੋਂ ਜਦੋਂ ਕੋਵਿਡ ਦੀ ਮਹਾਂਮਾਰੀ ਦੇ ਮੱਦੇਨਜ਼ਰ ਹਾਲਾਤ ਅਜਿਹੇ ਬਣ ਰਹੇ ਸਨ, ਪਰ ਅਜਿਹੇ ਕਿਸੇ ਵੀ ਸਵਾਲਾਂ ਦੇ ਸਹੀ ਅਤੇ ਦਰੁਸਤ ਜਵਾਬ ਸਿਰਫ਼ ਇੱਕ ਵਸਤੂ-ਨਿਸ਼ਠ ਜਾਂਚ ਪੜਤਾਲ ਹੀ ਮੁਹੱਈਆ ਕਰਵਾ ਸਕਦੀ ਹੈ। ਕਾਨੂੰਨ ਦੀ ਬਣਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਤਬਲੀਗੀ ਜਮਾਤ ਦੇ ਆਗੂ ਮੌਲਾਨਾ ਸਾਅਦ ਦੇ ਉੱਤੇ ਭਾਰਤੀ ਦੰਡਾਵਲੀ (IPC) ਦੀ ਧਾਰਾ 304 ਦੇ ਤਹਿਤ ਦੋਸ਼ ਆਇਦ ਕਰਕੇ ਗੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ।