ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਤਬਲੀਗੀ ਜਮਾਤ ਮਰਕਜ਼ ਦੇ ਮੁਖੀ ਮੌਲਾਨਾ ਸਾਦ ਅਤੇ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਈਡੀ ਦੇ ਸੂਤਰਾਂ ਮੁਤਾਬਕ, ਛਾਪੇਮਾਰੀ 20 ਥਾਵਾਂ 'ਤੇ ਕੀਤੀ ਗਈ, ਜਿਨ੍ਹਾਂ ਵਿੱਚ ਦਿੱਲੀ ਵਿੱਚ ਸੱਤ, ਮੁੰਬਈ ਵਿੱਚ ਪੰਜ, ਹੈਦਰਾਬਾਦ ਵਿੱਚ ਚਾਰ ਸ਼ਾਮਲ ਹਨ।
ਦਿੱਲੀ ਦੇ ਜ਼ਾਕਿਰ ਨਗਰ ਖੇਤਰ 'ਚ ਮੌਲਾਨਾ ਸਾਦ ਦੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਗਈ, ਜਦਕਿ ਸਾਦ ਦੇ ਕਥਿਤ ਸਾਥੀ ਦੀਆਂ ਮੁੰਬਈ ਦੇ ਅੰਧੇਰੀ ਅਤੇ ਐਸਵੀ ਰੋਡ ਇਲਾਕਿਆਂ 'ਚ ਰਿਹਾਇਸ਼ੀ ਥਾਂਵਾਂ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ ਛਾਪੇ ਦੇ ਵੇਰਵਿਆਂ ਨੂੰ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਅਪ੍ਰੈਲ ਵਿੱਚ, ਦਿੱਲੀ ਪੁਲਿਸ ਨੇ ਮੌਲਾਨ ਸਾਦ ਖ਼ਿਲਾਫ਼ ਲੌਕਡਾਊਨ ਨਿਯਮਾਂ ਦੀ ਉਲੰਘਣਾ ਕਰਨ ਲਈ ਐਫਆਈਆਰ ਦਰਜ ਕੀਤੀ ਸੀ, ਜਿਸ ਤੋਂ ਬਾਅਦ ਈਡੀ ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਇਹ ਛਾਪੇ ਇਸੇ ਲੜੀ ਤਹਿਤ ਕੀਤੇ ਗਏ ਹਨ।