ਨਵੀਂ ਦਿੱਲੀ: ਸਵਿੱਟਜ਼ਰਲੈਂਡ ਦੀ ਸਰਕਾਰ ਨੇ ਸਥਾਨਕ ਬੈਂਕਾਂ 'ਚ ਖਾਤਾ ਰੱਖਣ ਵਾਲੇ ਭਾਰਤੀਆਂ ਨਾਗਰਿਕਾਂ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਇੱਕ ਹੋਰ ਕਦਮ ਚੁੱਕਿਆ ਹੈ। ਬੈਂਕਾਂ ਨੇ ਇੱਕ ਹਫਤੇ ਵਿੱਚ ਲਗਭਗ 12 ਭਾਰਤੀਆਂ ਨੂੰ ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਹੈ। ਸਵਿੱਟਜ਼ਰਲੈਂਡ ਦੀਆਂ ਅਥਾਰਿਟੀਜ਼ ਨੇ ਮਾਰਚ ਤੋਂ ਹੁਣ ਤੱਕ ਸਵਿੱਸ ਬੈਂਕਾਂ ਦੇ ਭਾਰਤੀ ਗਾਹਕਾਂ ਨੂੰ ਲਗਭਗ 25 ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਜਾਣਕਾਰੀ ਭਾਰਤ ਸਰਕਾਰ ਨਾਲ ਸਾਂਝੀ ਕਰਨ ਦਾ ਆਖਰੀ ਮੌਕਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਵਿੱਟਜ਼ਲੈਂਡ ਦਾ ਸਵਿਸ ਬੈਂਕ ਆਪਣੇ ਖਾਤਾ ਧਾਰਕਾਂ ਦੀ ਸੂਚਨਾ ਨੂੰ ਗੁਪਤ ਰੱਖਣ ਲਈ ਮਸ਼ਹੂਰ ਹੈ। ਪਰ ਟੈਕਸ ਚੋਰੀ ਦੇ ਮਾਮਲਿਆਂ ਨੂੰ ਦੇਖਦਿਆਂ ਵਿਸ਼ਵ ਪੱਧਰੀ ਸਮਝੌਤੇ ਨਾਲ ਖਾਤਾਧਾਰਕਾਂ ਦੀ ਗੁਪਤ ਜਾਣਕਾਰੀ ਨੂੰ ਸਾਂਝਾ ਕੀਤਾ ਜਾਵੇਗਾ। ਇਹ ਸਮਝੌਤਾ ਭਾਰਤ ਸਰਕਾਰ ਦੇ ਨਾਲ ਹੀ ਹੋਰ ਕਈ ਦੇਸ਼ਾਂ ਦੇ ਨਾਲ ਵੀ ਕੀਤਾ ਗਿਆ ਹੈ।
ਸਵਿੱਟਜ਼ਰਲੈਂਡ ਦੀ ਸਰਕਾਰ ਨੇ ਇੱਕ ਗਜ਼ਟ ਨੂੰ ਜਨਤਕ ਕਰਕੇ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਹੈ। ਇਸ ਗਜ਼ਟ ਵਿੱਚ ਖਾਤਾ ਧਾਰਕਾਂ ਦਾ ਪੂਰਾ ਨਾਂਅ ਨਾ ਦੱਸਦਿਆਂ ਹੋਇਆਂ ਨਾਂਅ ਦੇ ਸਿਰਫ਼ ਸ਼ੁਰੂਆਤੀ ਅੱਖਰ ਹੀ ਦੱਸੇ ਗਏ ਹਨ। ਇਸ ਦੇ ਨਾਲ ਹੀ ਇਸ ਗਜ਼ਟ 'ਚ ਖਾਤਾ ਧਾਰਕਾਂ ਦੀ ਨਾਗਰਿਕਤਾ ਅਤੇ ਜਨਮ ਮਿਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ।