ਨਵੀਂ ਦਿੱਲੀ: ਬੀਤੇ ਦਿਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਦੋਵੇਂ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਸਨ। ਅਜਿਹੀ ਜਾਣਕਾਰੀ ਹੈ ਕਿ ਉਹ ਉੱਤਰ ਭਾਰਤ ਵਿੱਚ ਹਮਲੇ ਦੀ ਸਾਜਿਸ਼ ਰਚ ਰਹੇ ਸਨ।
ਇਸ ਹਮਲੇ ਲਈ ਉਹ ਹਥਿਆਰ ਲੈਣ ਲਈ ਦਿੱਲੀ ਆਇਆ ਸੀ। ਵਿਸ਼ੇਸ਼ ਸੈੱਲ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਉਸ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਸਬੰਧ ਸਨ। ਇਸ ਸਮੇਂ ਉਨ੍ਹਾਂ ਤੋਂ ਪੂਰੀ ਸਾਜਿਸ਼ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਡੀਸੀਪੀ ਸੰਜੀਵ ਯਾਦਵ ਮੁਤਾਬਕ, ਸਪੈਸ਼ਲ ਸੈੱਲ ਦੀ ਟੀਮ ਨੂੰ ਦੱਸਿਆ ਗਿਆ ਕਿ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਮੈਂਬਰ ਉੱਤਰੀ ਭਾਰਤ ਵਿੱਚ ਅੱਤਵਾਦੀ ਹਮਲਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਨਾਂਅ ਭੁਪਿੰਦਰ ਉਰਫ ਦਿਲਾਵਰ ਸਿੰਘ ਅਤੇ ਕੁਲਵੰਤ ਸਿੰਘ ਦੱਸੇ ਗਏ ਸਨ। ਇਹ ਵੀ ਪਤਾ ਲੱਗਿਆ ਸੀ ਕਿ ਉਹ ਜੁਰਮ ਨੂੰ ਅੰਜਾਮ ਦੇਣ ਲਈ ਹਥਿਆਰ ਲੈਣ ਦਿੱਲੀ ਆਉਣਗੇ।
ਇਸ ਜਾਣਕਾਰੀ 'ਤੇ ਪੁਲਿਸ ਟੀਮ ਨੇ ਰਾਤ ਨੂੰ ਬੁਰਾੜੀ ਨੇੜੇ ਇੱਕ ਜਾਲ ਵਿਛਾ ਦਿੱਤਾ। ਕੁਝ ਸਮੇਂ ਬਾਅਦ ਦੋਵੇਂ ਕਾਰ ਸਵਾਰ ਇੱਥੇ ਆ ਗਏ ਜਿਨ੍ਹਾਂ ਨੂੰ ਪੁਲਿਸ ਟੀਮ ਨੇ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਪੁਲਿਸ ਟੀਮ ਉੱਤੇ ਗੋਲੀਬਾਰੀ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਪੁਲਿਸ ਨੂੰ ਵੀ ਗੋਲੀ ਚਲਾਉਣੀ ਪਈ ਜਿਸ ਤੋਂ ਬਾਅਦ ਦੋਵਾਂ ਨੂੰ ਕਾਬੂ ਕਰ ਲਿਆ ਗਿਆ।
ISI ਦੇ ਇਸ਼ਾਰੇ 'ਤੇ ਚੱਲ ਰਹੇ ਖਾਲਿਸਤਾਨੀ ਸਮਰਥਕ
ਫੜੇ ਗਏ ਭੁਪਿੰਦਰ ਸਿੰਘ ਅਤੇ ਕੁਲਵੰਤ ਸਿੰਘ ਲੁਧਿਆਣਾ ਦੇ ਵਸਨੀਕ ਹਨ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 6 ਪਿਸਤੌਲ ਅਤੇ 40 ਜਿੰਦਾ ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ-ਨਾਲ ਕੇਸੀਐਫ ਦੇ ਆਗੂਆਂ ਨਾਲ ਆਪਣੇ ਸੰਪਰਕ ਦੀ ਗੱਲ ਕਬੂਲੀ।
ਉਨ੍ਹਾਂ ਦੱਸਿਆ ਕਿ ਖਾਲਿਸਤਾਨੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ। ਗ੍ਰਿਫਤਾਰ ਕੀਤਾ ਗਿਆ ਭੁਪਿੰਦਰ 2005 ਵਿੱਚ ਰੋਜ਼ੀ ਰੋਟੀ ਕਮਾਉਣ ਦੁਬਈ ਗਿਆ ਸੀ। ਉਥੋਂ ਉਹ 2007 ਵਿਚ ਵਾਪਸ ਆਇਆ ਸੀ। ਫਿਰ ਉਹ 2009 ਵਿਚ ਮਸਕਟ ਚਲਾ ਗਿਆ ਅਤੇ 2011 ਵਿਚ ਵਾਪਸ ਆਇਆ। ਉਹ ਸਾਲ 2016 ਵਿਚ ਸਾਊਦੀ ਅਰਬ ਵੀ ਗਿਆ ਸੀ।