ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਊਦੀ ਅਰਬ 'ਚ ਫਸੇ ਇੱਕ ਭਾਰਤੀ ਨੌਜਵਾਨ ਨੂੰ ਮੁੜ ਭਾਰਤ ਪਰਤਣ ਲਈ ਮਦਦ ਦਿੱਤੇ ਜਾਣ ਦਾ ਭਰੋਸਾ ਦਿੰਦੇ ਹੋਏ ਇੱਕ ਟਵੀਟ ਸ਼ੇਅਰ ਕੀਤਾ ਹੈ। ਉਸ ਨੌਜਵਾਨ ਨੇ ਸਊਦੀ ਅਰਬ ਤੋਂ ਮੁੜ ਭਾਰਤ ਪਰਤਣ ਲਈ ਮਦਦ ਦੀ ਅਪੀਲ ਕੀਤੀ ਅਤੇ ਮਦਦ ਨਾ ਮਿਲਣ 'ਤੇ ਖ਼ੁਦਕੁਸ਼ੀ ਕੀਤੇ ਜਾਣ ਦੀ ਧਮਕੀ ਦਿੱਤੀ ਸੀ।
ਸਊਦੀ 'ਚ ਫਸੇ ਨੌਜਵਾਨ ਨੇ ਦਿੱਤੀ ਖ਼ੁਦਕੁਸ਼ੀ ਦੀ ਧਮਕੀ, ਸੁਸ਼ਮਾ ਸਵਰਾਜ ਨੇ ਦਿੱਤਾ ਮਦਦ ਦਾ ਭਰੋਸਾ - Tweet
ਸਾਊਦੀ ਅਰਬ ਵਿੱਚ ਫਸੇ ਇੱਕ ਭਾਰਤੀ ਨੌਜਵਾਨ ਨੇ ਟਵਿੱਟਰ 'ਤੇ ਮਦਦ ਦੀ ਅਪੀਲ ਕਰਦੇ ਹੋਏ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਇਸ ਉੱਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਵਾਬ ਦਿੰਦੇ ਹੋਏ ਨੌਜਵਾਨ ਨੂੰ ਮਦਦ ਕਰਨ ਦਾ ਭਰੋਸਾ ਦਿੱਤਾ।
ਭਾਰਤੀ ਨੌਜਵਾਨ ਦਾ ਨਾਂਅ ਅਲੀ ਹੈ। ਉਸ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਉਹ ਪਿਛਲੇ 12 ਮਹੀਨਿਆਂ ਤੋਂ ਭਾਰਤੀ ਸਫ਼ਾਰਤਖ਼ਾਨੇ ਵਿੱਚ ਦੇਸ਼ ਪਰਤਣ ਲਈ ਅਪੀਲ ਕਰ ਰਿਹਾ ਹੈ ਪਰ ਉਸ ਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ। ਇਸ ਲਈ ਉਸ ਨੇ ਟਵਿੱਟਰ ਉੱਤੇ ਖ਼ੁਦਕੁਸ਼ੀ ਕੀਤੇ ਜਾਣ ਦੀ ਧਮਕੀ ਦਿੱਤੀ ਹੈ। ਅਲੀ ਨੇ ਆਪਣੀ ਟਵੀਟ ਵਿੱਚ ਲਿੱਖਿਆ ਹੈ ਕਿ , " ਮੈਨੂੰ ਦੱਸੋ ਕਿ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਜਾਂ ਮੈਨੂੰ ਖ਼ੁਦਕੁਸ਼ੀ ਕਰ ਲੈਣੀ ਚਾਹੀਦੀ ਹੈ। ਮੈਂ ਤਕਰੀਬਨ ਪਿਛਲੇ 12 ਮਹੀਨੇ ਤੋਂ ਅੰਬੈਸੀ ਦੇ ਚੱਕਰ ਕੱਟ ਰਿਹਾ ਹਾਂ ਪਰ ਅੰਬੈਸੀ ਮੈਨੂੰ ਸਮਝਾ ਰਹੀ ਹੈ। ਜੇਕਰ ਤੁਸੀਂ ਮੈਨੂੰ ਵਾਪਸ ਭਾਰਤ ਭੇਜ ਸਕਦੇ ਹੋ ਤਾਂ ਮਿਹਰਬਾਨੀ ਹੋਵੇਗੀ ਕਿਉਂਕਿ ਮੇਰੇ ਚਾਰ ਬੱਚੇ ਹਨ।" ਬਾਅਦ ਵਿੱਚ ਅਲੀ ਦੇ ਟਵੀਟ ਨੂੰ ਟਵਿੱਟਰ ਤੋਂ ਹਟਾ ਲਿਆ ਗਿਆ।
ਇਸ ਅਪੀਲ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵਿੱਟਰ ਉੱਤੇ ਜਵਾਬ ਦਿੰਦੇ ਹੋਏ ਲਿਖਿਆ ਕਿ ਉਹ ਅਲੀ ਦੀ ਮਦਦ ਕਰਨਗੇ ਅਤੇ ਭਾਰਤੀ ਅੰਬੈਸੀ ਵੱਲੋਂ ਵੀ ਉਸ ਨੂੰ ਪੂਰੀ ਸਹਾਇਤਾ ਦਿੱਤੀ ਜਾਵੇਗੀ। ਸੁਸ਼ਮਾ ਸਵਰਾਜ ਨੇ ਜਵਾਬੀ ਟਵੀਟ ਵਿੱਚ ਲਿਖਿਆ ਕਿ ਖ਼ੁਦਕੁਸ਼ੀ ਦੀ ਗੱਲ ਨਹੀਂ ਸੋਚਣੀ ਚਾਹੀਦੀ, ਅਸੀਂ ਹਾਂ, ਅਤੇ ਸਾਡੀ ਅੰਬੈਸੀ ਤੁਹਾਡੀ ਮਦਦ ਕਰੇਗੀ। ਇਸ ਮਾਮਲੇ ਉਤੇ ਉਨ੍ਹਾਂ ਰਿਆਦ ਵਿਖੇ ਭਾਰਤੀ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਪੂਰੀ ਰਿਪੋਰਟ ਦਿੱਤੇ ਜਾਣ ਲਈ ਕਿਹਾ ਹੈ।