ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕੋਰੋਨਾ ਪੌਜ਼ੀਟਿਵ ਪਾਏ ਗਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿੱਜੀ ਹਸਪਤਾਲ ਮੇਦਾਂਤਾ ਵਿੱਚ ਭਰਤੀ ਕੀਤੇ ਜਾਣ ਬਾਰੇ ਸਵਾਲ ਚੁੱਕਿਆ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਹ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਉਨ੍ਹਾਂ ਦੀ ਸਿਹਤ ਠੀਕ ਹੈ ਪਰ ਡਾਕਟਰਾਂ ਦੇ ਕਹਿਣ ਤੇ ਹਸਪਤਾਲ ਭਰਤੀ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਸ਼ਸ਼ੀ ਥਰੂਰ ਨੇ ਸ਼ਾਹ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਹੋਣ ਬਾਰੇ ਕਿਹਾ ਕਿ ਸ਼ਾਹ ਦਿੱਲੀ ਦੇ ਮੁੱਖ AIIMS ਵਿੱਚ ਭਰਤੀ ਕਿਉਂ ਨਹੀਂ ਹੋਏ। ਥਰੂਰ ਨੇ ਕਿਹਾ ਹੈਰਾਨੀ ਵਾਲੀ ਗੱਲ ਹੈ ਕਿ ਬਿਮਾਰ ਹੋਣ 'ਤੇ ਸਾਡੇ ਗ੍ਰਹਿ ਮੰਤਰੀ ਨੇ ਏਮਸ ਨੂੰ ਨਹੀਂ, ਸਗੋਂ ਗੁਆਂਢੀ ਸੂਬੇ ਦੇ ਇੱਕ ਨਿੱਜੀ ਹਸਪਤਾਲ ਨੂੰ ਕਿਵੇਂ ਚੁਣਿਆ ਸਰਵਜਨਕ ਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਜਨਤਾ ਦੇ ਵਿਸ਼ਵਾਸ਼ ਨੂੰ ਪ੍ਰੇਰਿਤ ਕਰਦੇ ਹਨ।
ਗ਼ੌਰ ਕਰਨ ਵਾਲੀ ਗੱਲ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਇਸ ਦੀ ਲਪੇਟ ਵਿੱਚ ਸਿਆਸੀ ਆਗੂ ਵੀ ਆਉਂਦੇ ਜਾ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੁਰੱਪਾ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਮੰਤਰੀ ਕਮਲਾ ਰਾਣੀ ਵਰੁਣ ਦੀ ਇਸ ਲਾਗ ਨਾਲ ਮੌਤ ਵੀ ਹੋ ਚੁੱਕੀ ਹੈ।