ਨਵੀਂ ਦਿੱਲੀ: ਦਿੱਲੀ ਦੇ ਤੁਗਲਕਾਬਾਦ ਵਿੱਚ ਤੋੜੇ ਗਏ ਭਗਵਾਨ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਇਸ ਮੰਦਿਰ ਨੂੰ ਹੁਣ ਮੁੜ ਤੋਂ ਬਣਾਇਆ ਜਾਵੇਗਾ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਮੰਦਿਰ ਨੂੰ ਬਣਾਉਣ ਦੇ ਲਈ ਕੇਂਦਰ ਸਰਕਾਰ 400 ਗਜ ਜ਼ਮੀਨ ਦਵੇਗੀ। ਸੁਪਰੀਮ ਕੋਰਟ ਨੇ ਕੁਝ ਸ਼ਰਤਾਂ ਦੇ ਨਾਲ ਗੁਰੂ ਰਵਿਦਾਸ ਮੰਦਿਰ ਦੀ 400 ਵਰਗ ਗਜ ਜ਼ਮੀਨ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਸਮਿਤੀ ਨੂੰ ਦੇਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਮੰਜ਼ੂਰੀ ਦਿੱਤੀ ਹੈ।
ਮਾਮਲੇ ਦੀ ਸੁਣਵਾਈ ਦੌਰਾਨ ਆਟੋਰਨੀ ਜਨਰਲ ਨੇ ਕਿਹਾ ਕਿ ਮੰਦਿਰ ਦੀ ਆੜ ਵਿੱਚ ਲੋਕਾਂ ਨੇ ਜੰਗਲ ਖੇਤਰ ਵਿੱਚ ਵੱਡੀ ਜਗ੍ਹਾ ਘੇਰ ਰੱਖੀ ਸੀ, ਜੋ ਕਿ ਲਗਭਗ 2000 ਵਰਗ ਵਰਗ ਮੀਟਰ ਸੀ ਅਤੇ ਲੋਕ ਉੱਥੇ ਟਰਕ ਪਾਰਕ ਕਰਦੇ ਸਨ। ਪਿਛਲੀ ਸੁਣਵਾਈ ਵਿੱਚ ਆਟੋਰਨੀ ਜਨਰਲ ਨੇ ਮੰਦਿਰ ਲਈ ਸਿਰਫ 200 ਵਰਗ ਜ਼ਮੀਨ ਦੇਣ ਦੀ ਗੱਲ ਕਹੀ ਗਈ ਸੀ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਤੁਗਲਕਾਬਾਦ ਵਿੱਚ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਨੇ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਗੁਰੂ ਰਵਿਦਾਸ ਦੇ ਮੰਦਿਰ ਨੂੰ ਢਾਹ ਦਿੱਤਾ ਸੀ ਜਿਸ ਤੋਂ ਬਾਅਦ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸਤ ਗਰਮਾ ਗਈ ਸੀ। ਦਲਿਤ ਭਾਈਚਾਰੇ ਨੇ ਸੜਕਾਂ 'ਤੇ ਉੱਤਰ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਸੀ।