ਨਵੀਂ ਦਿੱਲੀ: ਖੂਨ ਦੇ ਬਦਲੇ ਆਜ਼ਾਦੀ ਦੇਣ ਦਾ ਵਾਅਦਾ ਕਰਨ ਵਾਲੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਨਾਮ ਭਾਰਤੀ ਆਜ਼ਾਦੀ ਘੁਲਾਟੀਆਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ। 23 ਜਨਵਰੀ 1897 ਨੂੰ ਓਡੀਸ਼ਾ ਦੇ ਕਟਕ ਵਿੱਚ ਇੱਕ ਪੂਰਨ ਬੰਗਾਲੀ ਪਰਿਵਾਰ ਵਿੱਚ ਜਨਮੇ ਸੁਭਾਸ਼ ਹਰ ਹਾਲ ਵਿੱਚ ਆਪਣੇ ਦੇਸ਼ ਦੀ ਆਜ਼ਾਦੀ ਚਾਹੁੰਦੇ ਸਨ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਨੂੰ ਸਮਰਪਿਤ ਕੀਤਾ ਅਤੇ ਆਪਣੇ ਆਖ਼ਰੀ ਸਾਹਾਂ ਤੱਕ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਰਹੇ।
ਸੁਭਾਸ਼ ਚੰਦਰ ਬੋਸ ਆਪਣੀ ਉਚੇਰੀ ਸਿੱਖਿਆ ਲਈ ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਵਿਚ ਦਾਖ਼ਲ ਹੋਏ। 1919 ਵਿੱਚ ਉਹ ਉਚੇਰੀ ਸਿੱਖਿਆ ਲਈ ਇੰਗਲੈਂਡ ਚਲੇ ਗਏ। ਉਥੇ ਉਨ੍ਹਾਂ ਨੇ ਅੱਠਾਂ ਮਹੀਨਿਆਂ ਦੇ ਸੀਮਤ ਸਮੇਂ ਵਿੱਚ ਇੰਡੀਅਨ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕਰ ਲਿਆ। ਆਜ਼ਾਦ ਹਿੰਦ ਫ਼ੌਜ ਦੇ ਬਾਨੀ ਅਤੇ ਪ੍ਰਸਿੱਧ ਆਗੂ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦੇ ਲੋਕ ਸਤਿਕਾਰ ਨਾਲ ਨੇਤਾ ਜੀ ਕਹਿ ਕੇ ਬੁਲਾਉਂਦੇ ਹਨ। ਉਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੇ ਹੁੰਦਿਆਂ ਹੀ ਭਾਰਤ ਦੀ ਧਰਤੀ 'ਤੇ ਆਜ਼ਾਦ ਭਾਰਤ ਦਾ ਝੰਡਾ ਲਹਿਰਾ ਦਿੱਤਾ। ਇਸ ਤੋਂ ਬਾਅਦ ਨੇਤਾ ਜੀ 1929 ਵਿੱਚ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ ਅਤੇ 1930 ਵਿੱਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਬਣੇ।