ਨਵੀਂ ਦਿੱਲੀ: ਦਿੱਲੀ ਵੋਟਾਂ ਵਿੱਚ ਮਿਲੀ ਨਾਮੋਸ਼ੀ ਜਨਕ ਹਾਰ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਸੁਭਾਸ਼ ਚੋਪੜਾ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਚੋਪੜਾ ਦੇ ਮੁਤਾਬਕ, ਉਨ੍ਹਾਂ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ, " ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਹਾਈਕਮਾਂਡ ਨੇ ਮੇਰੇ ਅਸਤੀਫ਼ਾ ਤੇ ਫ਼ੈਸਲਾ ਲੈਣਾ ਹੈ।"
ਇਸ 'ਤੇ ਚਾਣਨਾ ਪਾ ਦਈਏ ਕਿ ਸੁਭਾਸ਼ ਚੋਪੜਾ ਨੂੰ ਪਿਛਲੇ ਸਾਲ ਪ੍ਰਧਾਨ ਬਣਾਇਆ ਗਿਆ ਸੀ। ਚੋਪੜਾ 1988 ਤੋਂ 2003 ਵੇਲੇ ਵੀ ਪ੍ਰਧਾਨ ਰਹਿ ਚੁੱਕੇ ਹਨ। ਉਹ 1988 ਤੋਂ 2013 ਤੱਕ ਤਿੰਨ ਵਾਰ ਕਾਲਕਾਜੀ ਇਲਾਕੇ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਇਸ ਵਾਰ ਉਨ੍ਹਾਂ ਦੀ ਬੇਟੀ ਸ਼ਿਵਾਨੀ ਚੋਪੜਾ ਕਾਲਕਾਜੀ ਇਲਾਕੇ ਤੋਂ ਵਿਧਾਇਕੀ ਲਈ ਉਮੀਦਵਾਰ ਸੀ ਜਿਸ ਦੀ ਬੁਰੀ ਤਰ੍ਹਾਂ ਨਾਲ ਹਾਰ ਹੋਈ ਹੈ।
ਜ਼ਿਕਰ ਕਰ ਦਈਏ ਕਿ ਦਿੱਲੀ ਚੋਣਾਂ ਵਿੱਚ ਆਏ ਨਤੀਜਿਆਂ ਵਿੱਚ 62 ਸੀਟਾਂ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਰਿਹਾ ਹੈ ਜਦੋਂ ਕਿ ਬੱਸ 8 ਸੀਟਾਂ ਹੀ ਭਾਰਤੀ ਜਨਤਾ ਪਾਰਟੀ ਦੇ ਪੱਲੇ ਪਈਆਂ ਹਨ। ਭਾਜਪਾ ਵਾਲੇ ਇਸ ਨੂੰ ਹੀ ਆਪਣੀ ਵੱਡੀ ਪ੍ਰਾਪਤੀ ਦੱਸ ਰਹੇ ਹਨ ਕਿਉਂਕਿ ਪਿਛਲੀ ਵਾਰ ਤਾਂ ਭਾਜਪਾ ਕੋਲ 3 ਹੀ ਸੀਟਾਂ ਸਨ। ਇਸ ਤਾਂ 5 ਦਾ ਇਜ਼ਾਫਾ ਹੋਇਆ ਹੈ।
ਕਾਂਗਰਸ ਪਾਰਟੀ ਨੇ ਲੋਕਾਂ ਵਿੱਚ ਆਪਣੀ ਚੜ੍ਹਾਈ ਪਹਿਲਾਂ ਦੀ ਤਰ੍ਹਾਂ ਹੀ ਕਾਇਮ ਰੱਖੀ ਹੈ ਕਿਉਂਕਿ ਪਹਿਲਾਂ ਵੀ ਕਾਂਗਰਸ ਦੇ ਪੱਲੇ ਕੁਝ ਨਹੀਂ ਸੀ ਤੇ ਹੁਣ ਵੀ ਨਹੀਂ, ਪਰ ਕਾਂਗਰਸ ਕਹਿੰਦੀ ਸੀ ਅਸੀਂ ਬਹੁਮਤ ਨਾਲ ਸਰਕਾਰ ਬਣਾਵਾਂਗੇ ਪਰ ਇਨ੍ਹਾਂ ਨਾਲ ਤਾਂ ਉਹ ਹੋਈ ਕਿ 'ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ'