ਉੱਤਰ ਪ੍ਰਦੇਸ਼: ਇੱਕ ਵਿਆਹ ਜਿਸ ਵਿੱਚ ਨਾ ਤਾਂ ਬਰਾਤ ਸੱਜੀ, ਨਾ ਬੈਂਡ-ਵਾਜਾ ਵੱਜਿਆ ਅਤੇ ਨਾ ਹੀ ਕੋਈ ਨੱਚ-ਗਾਓਣ ਹੋਇਆ। 8 ਦਸੰਬਰ ਨੂੰ ਘਰ ਵਿੱਚ ਖੁਸ਼ੀਆਂ ਦੀ ਸ਼ਹਿਨਾਈ ਵੱਜਣ ਵਾਲੀ ਸੀ ਪਰ ਇੱਕ ਹਾਦਸੇ ਨੇ ਸਭ ਦੀ ਖ਼ੁਸ਼ੀ 'ਤੇ ਪਾਣੀ ਫੇਰ ਦਿੱਤਾ। ਡੋਲੀ ਵਿੱਚ ਸਵਾਰ ਹੋਣ ਵਾਲੀ ਲਾੜੀ ਸਟ੍ਰੈਚਰ 'ਤੇ ਪਈ ਸੀ ਅਤੇ ਲਾੜਾ ਇਸੇ ਹਾਲਤ ਵਿੱਚ ਮੰਗਲ ਸੂਤਰ ਪਹਿਨਾ ਰਿਹਾ ਸੀ। ਇਸ ਮੌਕੇ 'ਤੇ ਸਿਰਫ ਕਰੀਬੀ ਰਿਸ਼ਤੇਦਾਰ ਹੀ ਮੌਜੂਦ ਸਨ।
ਇੱਕ ਹਾਦਸੇ ਨੇ ਬਦਲੀ ਤਸਵੀਰ
8 ਦਸੰਬਰ ਨੂੰ ਪ੍ਰਤਾਪਗੜ ਦੇ ਕੁੰਡਾ ਪਿੰਡ ਵਿੱਚ ਆਰਤੀ ਮੌਰਿਆ ਦਾ ਘਰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਗਿਆ ਸੀ। ਪਰਿਵਾਰਕ ਮੈਂਬਰ ਬਰਾਤ ਦਾ ਸਵਾਗਤ ਕਰਨ ਵਿੱਚ ਰੁੱਝੇ ਹੋਏ ਸਨ, ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਵੀ ਝਲਕ ਰਹੀ ਸੀ। ਲਾੜੀ ਆਰਤੀ ਮੌਰਿਆ ਆਪਣੇ ਲਾੜੇ ਅਵਧੇਸ਼ ਦੀ ਬਰਾਤ ਦਾ ਇੰਤਜ਼ਾਰ ਕਰ ਰਹੀ ਸੀ। ਕੁੱਝ ਘੰਟਿਆਂ ਬਾਅਦ ਬਰਾਤ ਆਉਣ ਵਾਲੀ ਸੀ। ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਵੀ ਲਗਭਗ ਪੂਰੀਆਂ ਹੋ ਗਈਆਂ ਸਨ। ਆਰਤੀ ਦੇ ਸੁਪਨਿਆਂ ਦੀ ਸ਼ਹਿਨਾਈ ਵੱਜਣ ਹੀ ਵਾਲੀ ਸੀ ਅਤੇ ਉਹ ਕੁੱਝ ਹੀ ਘੰਟਿਆਂ ਬਾਅਦ ਆਪਣੇ ਸੁਪਨਿਆਂ ਦੇ ਰਾਜਕੁਮਾਰ ਨਾਲ ਵਿਦਾ ਹੋਣ ਵਾਲੀ ਸੀ। ਪਰ ਅਚਾਨਕ ਤਸਵੀਰ ਹੀ ਬਦਲ ਗਈ। ਜੋ ਆਰਤੀ ਸਾਜ ਸ਼ਿੰਗਾਰ ਕਰਕੇ ਆਪਣੇ ਸੁਪਨਿਆਂ ਦੇ ਰਾਜਕੁਮਾਰ ਦੇ ਘਰ ਜਾਣ ਵਾਲੀ ਸੀ, ਹੁਣ ਸਟ੍ਰੈਚਰ 'ਤੇ ਪਈ ਸੀ।
ਬੱਚਿਆਂ ਦੀ ਜਾਨ ਬਚਾਓਣ ਖਾਤਰ ਲਿਆ ਰਿਸਕ
ਇੱਕ ਹਾਦਸੇ ਨੇ ਸਾਰੀਆਂ ਖੁਸ਼ੀਆਂ ਹੀ ਬਦਲ ਦਿੱਤੀਆਂ ਅਤੇ ਬਰਾਤ ਆਓਣ ਤੋਂ ਲਗਭਗ 8 ਘੰਟੇ ਪਹਿਲਾਂ ਸਾਰਿਆਂ ਨੂੰ ਹੈਰਾਨੀ 'ਚ ਪਾ ਦਿੱਤਾ। ਛੱਤ 'ਤੇ ਖੇਡ ਰਹੇ ਬੱਚਿਆਂ ਨੂੰ ਬਚਾਉਣ ਦੇ ਚੱਕਰ 'ਚ ਆਰਤੀ ਦਾ ਪੈਰ ਫਿਸਲਿਆ ਅਤੇ ਉਹ ਛੱਤ ਤੋਂ ਹੇਠਾਂ ਡਿੱਗ ਗਈ। ਹਾਦਸੇ ਵਿੱਚ ਆਰਤੀ ਦੀ ਰੀੜ ਦੀ ਹੱਡੀ ਪੂਰੀ ਤਰ੍ਹਾਂ ਟੁੱਟ ਗਈ। ਕਮਰ ਅਤੇ ਲੱਤਾਂ ਸਮੇਤ ਸ਼ਰੀਰ ਦੇ ਹੋਰ ਹਿੱਸਿਆਂ ਨੂੰ ਵੀ ਸੱਟ ਲੱਗੀ ਸੀ। ਆਲਮ ਇਹ ਸੀ ਕਿ ਨੇੜਲੇ ਹਸਪਤਾਲਾਂ ਨੇ ਆਰਤੀ ਦਾ ਇਲਾਜ ਕਰਨ ਤੋਂ ਹੱਥ ਖੜੇ ਕਰ ਦਿੱਤੇ। ਪ੍ਰੇਸ਼ਾਨ ਅਤੇ ਘਬਰਾਏ ਘਰ ਵਾਲੇ ਆਰਤੀ ਨੂੰ ਇਲਾਜ ਲਈ ਪ੍ਰਯਾਗਰਾਜ ਦੇ ਇੱਕ ਨਿੱਜੀ ਹਸਪਤਾਲ ਲੈ ਗਏ।