ਚੰਡੀਗੜ੍ਹ : ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆ ਨੇ ਐਤਵਾਰ ਨੂੰ ਗੁਰੂਗ੍ਰਾਮ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਏ ਸਮਾਗਮ ਵਿੱਚ ਲੋਕਾਂ ਨੂੰ ਸੰਬੋਧਿਤ ਕੀਤਾ। ਰਾਜਪਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਜੀਉਣ ਦੀ ਸਰਲ ਰਾਹ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਮਾਜ ਨੂੰ ਜਾਤ-ਪਾਤ, ਊਚ-ਨੀਚ ਅਤੇ ਛੂਆ-ਛੂਤ ਵਰਗੀਆਂ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਨੂੰ ਦੂਰ ਕਰਨ ਦੀ ਸਿੱਖਿਆ ਦਿੱਤੀ ਹੈ। ਉਨ੍ਹਾਂ ਦਾ ਜਨਮ ਅਜਿਹੇ ਸਮੇਂ ਵਿੱਚ ਹੋਇਆ ਸੀ, ਜਦੋਂ ਸਾਡੇ ਦੇਸ਼ ਵਿੱਚ ਅਗਿਆਨ ਦਾ ਹਨ੍ਹੇਰਾ ਛਾਇਆ ਹੋਇਆ ਸੀ, ਉਨ੍ਹਾਂ ਨੇ ਸਾਡੇ ਭਾਰਤ ਦੇਸ਼ ਦੇ ਸਮਾਜ ਨੂੰ ਨੀਂਦ ਤੋਂ ਜਗਾਇਆ ਤੇ ਅੰਧ-ਵਿਸ਼ਵਾਸ ਅਤੇ ਪਾਖੰਡ ਦਾ ਵਿਰੋਧ ਕੀਤਾ।
ਰਾਜਪਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਮਾਜ ਵਿੱਚ ਨਾਰੀ ਨੂੰ ਸਨਮਾਨ ਦੇਣ ਦੇ ਪੱਖ ਵਿੱਚ ਸਨ, ਕਿਉਂਕਿ ਉਹ ਮੰਨਦੇ ਸਨ ਕਿ ਜੋ ਨਾਰੀ ਰਾਜਿਆਂ ਨੂੰ ਜਨਮ ਦਿੰਦੀ ਹੈ। ਉਸ ਦਾ ਸਮਾਜ ਵਿੱਚ ਸਥਾਨ ਛੋਟਾ ਕਿਵੇਂ ਹੋ ਸਕਦਾ ਹੈ। ਰਾਜਪਾਲ ਨੇ ਸਿੱਖ ਭਾਈਚਾਰੇ ਦੀ ਬਹਾਦੁਰੀ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਸਿੱਖ ਇੱਕ ਬਹਾਦੁਰ ਕੌਮ ਹੈ ਅਤੇ ਇਸ ਕੌਮ ਦੀ ਕੁਰਬਾਨੀਆਂ ਅਤੇ ਬਹਾਦਰੀ 'ਤੇ ਸਾਰੇ ਭਾਰਤ ਵਾਸੀਆਂ ਨੂੰ ਮਾਣ ਹੈ।