ਨਵੀਂ ਦਿੱਲੀ: ਜਿੱਥੇ ਅੱਜ ਲੋਕ ਸਭਾ ਸੈਸ਼ਨ ਦੇ ਤੀਜੇ ਦਿਨ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ, ਗੁਰਜੀਤ ਔਜਲਾ ਅਤੇ ਜਸਬੀਰ ਡਿੱਪਾ ਨੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ। ਉੱਥੇ ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਆਰਡੀਨੈਂਸ ਅੰਨਦਾਤੇ ਨੂੰ ਭਿਖਾਰੀ ਬਣਾ ਦੇਣਗੇ।
ਅੰਨਦਾਤੇ ਨੂੰ ਭਿਖਾਰੀ ਬਣਾ ਦੇਣਗੇ ਖੇਤੀ ਆਰਡੀਨੈਂਸ: ਭਗਵੰਤ ਮਾਨ - ਖੇਤੀ ਆਰਡੀਨੈਂਸ
ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦਿਆ ਇਨ੍ਹਾਂ ਨੂੰ ਅੰਨਦਾਤੇ ਨੂੰ ਭਿਖਾਰੀ ਬਣਾਉਣ ਵਾਲਾ ਬਿੱਲ ਕਰਾਰ ਦਿੱਤਾ।
ਭਗਵੰਤ ਮਾਨ ਨੇ ਸੰਸਦ ਵਿੱਚ ਬੋਲਦਿਆਂ ਕਿਹਾ ਕਿ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ। ਕਿਸਾਨ ਆਪ ਭੁੱਖੇ ਪੇਟ ਸੌ ਕੇ ਸਾਰੇ ਦੇਸ਼ ਦਾ ਪੇਟ ਭਰਦਾ ਹੈ। ਮਾਨ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਨਾਲ ਕਿਸਾਨਾਂ ਦਾ ਖੇਤਾ ਦਾ ਰਾਜਾ ਟਰੈਕਟਰ ਵੀ ਵਿਕਾਊ ਹੋ ਜਾਵੇਗਾ। ਮਾਨ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਜ਼ਰੀਏ ਕਿਸਾਨਾਂ ਦੀ ਜ਼ਮੀਨ ਪੂੰਜੀਪਤੀਆਂ ਨੂੰ ਦਿੱਤੀ ਜਾ ਰਹੀ ਹੈ।
ਅਖੀਰ ਵਿੱਚ ਭਗਵੰਤ ਮਾਨ ਪੰਜਾਬੀ ਸ਼ਾਇਰ ਸੰਤ ਰਾਮ ਉਦਾਸੀ ਦੀਆਂ ਸਤਰਾਂ ਨੂੰ ਬੋਲਦਿਆਂ ਕਿਹਾ ਕਿ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲ੍ਹਾਂ ਵਿੱਚੋਂ ਨੀਰ ਵਗਿਆ। ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ 'ਜੱਗਿਆ'। ਮਾਨ ਨੇ ਕਿਹਾ ਕਿ ਹੁਣ ਤੂੜੀ ਅਤੇ ਤੰਗਲੀ ਵੀ ਕਿਸਾਨ ਤੋਂ ਖੋਹੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਬਿੱਲ ਵਾਪਸ ਹੋਣੇ ਚਾਹੀਦੇ ਹਨ।