ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚੱਲਦਿਆਂ ਕਈ ਪ੍ਰਵਾਸੀ ਮਜ਼ਦੂਰ ਦਿੱਲੀ ਸਣੇ ਕਈ ਸੂਬਿਆਂ ਵਿੱਚ ਫਸੇ ਹੋਏ ਹਨ। ਸਰਕਾਰ ਦਾ ਮੰਨਣਾ ਹੈ ਕਿ ਦਿੱਲੀ ਸਣੇ ਦੇਸ਼ ਦੇ ਵੱਡੇ ਸ਼ਹਿਰਾਂ ’ਚ ਫਸੇ ਲੱਖਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਰਿਵਾਰ ਕੋਲ ਪਹੁੰਚਾਉਣਾ ਜ਼ਰੂਰੀ ਹੋ ਗਿਆ ਹੈ। ਸਾਰੇ ਡਿਵੀਜ਼ਨਲ ਤੇ ਜ਼ੋਨਲ ਹੈੱਡਕੁਆਰਟਰਜ਼ ਨੇ 15 ਅਪ੍ਰੈਲ ਤੋਂ ਰੇਲ ਗੱਡੀਆਂ ਚਲਾਉਣ ਸਬੰਧੀ ਕਾਰਜ ਯੋਜਨਾ ਰੇਲਵੇ ਬੋਰਡ ਨੂੰ ਸੌਂਪ ਦਿੱਤੀ ਗਈ ਹੈ। ਬੋਰਡ ਕੇਂਦਰ ਸਰਕਾਰ ਦੀ ਹਰੀ ਝੰਡੀ ਦੀ ਉਡੀਕ ਕਰ ਰਿਹਾ ਹੈ।
ਰੇਲਵੇ ਬੋਰਡ ਦੇ ਅਧਿਕਾਰੀਆਂ ਮੁਤਾਬਕ, ਕੋਰੋਨਾ ਵਾਇਰਸ ਬਾਰੇ ਬਣਾਏ ਮੰਤਰੀਆਂ ਦੇ ਸਮੂਹ ਨੇ ਤਾਲਾਬੰਦੀ ਬਾਰੇ ਚਰਚਾ ਕੀਤੀ। ਕਈ ਰਾਜਾਂ ਨੇ ਤਾਲਾਬੰਦੀ ਦੀ ਮਿਆਦ ਹੋਰ ਅੱਗੇ ਵਧਾਉਣ ਦੀ ਮੰਗ ਕੀਤੀ ਹੈ। ਅਜਿਹੇ ਹਾਲਾਤ ’ਚ ਦੇਸ਼ ਦੇ ਵੱਖੋ ਵੱਖਰੇ ਰਾਜਾਂ ’ਚ ਫਸੇ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਕਿਸੇ ਤਰੀਕੇ ਨਾਲ ਰੇਲ ਗੱਡੀਆਂ ਚਲਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।
ਸਾਰੇ 68 ਡਿਵੀਜ਼ਨਲ ਤੇ 17 ਜ਼ੋਨਲ ਮੁੱਖ ਦਫ਼ਤਰਾਂ ਨੇ ਰੇਲਵੇ ਬੋਰਡ ਨੂੰ 15 ਅਪ੍ਰੈਲ ਤੋਂ ਰੇਲ ਗੱਡੀਆਂ ਚਲਾਉਣ ਦੀ ਕਾਰਜ ਯੋਜਨਾ ਭੇਜ ਦਿੱਤੀ ਗਈ ਹੈ।