ਦੇਹਰਾਦੁਨ : ਉੱਤਰਾਖੰਡ ਵਿੱਚ ਧਾਰਮਿਕ ਅਤੇ ਸੈਰ ਸਪਾਟੇ ਲਈ ਕਈ ਥਾਵਾਂ ਹਨ ਪਰ ਕਈ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਦੇ ਆਪਣੇ ਆਪ 'ਚ ਬਹੁਤ ਸਾਰੇ ਭੇਕ ਲੁਕੋਏ ਹੋਏ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ ਵਸੂਧਾਰਾ ਫਾਲਸ, ਇਹ ਝਰਨਾ ਬਦਰੀਨਾਥ ਧਾਮ ਤੋਂ ਤਕਰੀਬਨ 8 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਝਰਨੇ ਬਾਰੇ ਇਹ ਮਾਨਤਾ ਹੈ ਕਿ ਇਸ ਦੀ ਇੱਕ ਬੂੰਦ ਸਰੀਰ 'ਤੇ ਪੈਣ ਨਾਲ ਇਨਸਾਨ ਦੇ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਉਹ ਨਿਰੋਗੀ ਹੋ ਜਾਂਦਾ ਹੈ।
ਉੱਤਰਾਖੰਡ ਵਿੱਚ ਹਰ ਸਾਲ ਲੱਖਾਂ ਸੈਲਾਨੀ ਘੁੰਮਣ ਲਈ ਆਉਂਦੇ ਹਨ। ਬਦਰੀਨਾਥ ਤੋਂ 8 ਕਿੱਲੋਮੀਟਰ ਦੂਰ ਮਾਣਾ ਪਿੰਡ ਦੇ ਨੇੜੇ ਸਥਿਤ ਇਹ ਝਰਨਾ ਲਗਭਗ 425 ਫੁੱਟ ਉੱਪਰੋਂ ਡਿੱਗਦਾ ਹੈ। ਇਸ ਝਰਨੇ ਨਾਲ ਜੁੜੀ ਇੱਕ ਮਾਨਤਾ ਹੈ ਕਿ ਇਸ ਝਰਨੇ ਤੋਂ ਡਿੱਗ ਰਹੇ ਪਾਣੀ ਦੀ ਇੱਕ ਬੂੰਦ ਤੁਹਾਡੀ ਰੂਹ ਨੂੰ ਇੱਕ ਗੁਣਵਾਨ ਰੂਹ ਜਾਂ ਪਾਪੀ ਰੂਹ ਦਾ ਦਰਜਾ ਦੇ ਸਕਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਵਿਅਕਤੀ ਉੱਤੇ ਇਸ ਝਰਨੇ ਦੇ ਪਾਣੀ ਦੀ ਇੱਕ ਬੂੰਦ ਵੀ ਡਿੱਗਦੀ ਹੈ, ਉਹ ਹਮੇਸ਼ਾ ਲਈ ਤੰਦਰੁਸਤ ਹੋ ਜਾਂਦਾ ਹੈ। ਇਸ ਲਈ ਜਿਹੜੇ ਲੋਕ ਬਾਬਾ ਬਦਰੀਨਾਥ ਦੀ ਯਾਤਰਾ 'ਤੇ ਆਉਂਦੇ ਹਨ ਉਹ ਇਹ ਝਰਨਾ ਵੇਖਣ ਜ਼ਰੂਰ ਆਉਂਦੇ ਹਨ।
ਇਤਿਹਾਸਕ ਮਾਨਤਾ
ਲੋਕ ਕਥਾਵਾਂ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਮਾਣਾ ਪਿੰਡ ਨੇੜੇ ਇਸ ਝਰਨੇ ਤੱਕ ਪਹੁੰਚਣ ਲਈ 5 ਕਿਲੋਮੀਟਰ ਪੈਦਲ ਰਸਤਾ ਸਵਰਗਾਰੋਹਿਣੀ ਵੱਲ ਜਾਂਦਾ ਹੈ। ਮਹਾਂਭਾਰਤ ਦੇ ਸਮੇਂ ਵਿੱਚ ਇਸੇ ਰਸਤੇ ਤੋਂ ਪਾਂਡਵ ਸਵਗ ਲਈ ਗਏ ਸਨ। ਇਹ ਝਰਨਾ ਉਸੇ ਰਸਤੇ ਵਿੱਚ ਮੌਜ਼ੂਦ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੋ ਲੋਕ ਇਥੇ ਝਰਨੇ ਨੂੰ ਵੇਖਣ ਆਉਂਦੇ ਹਨ ਉਸ ਵੇਲੇ ਜੇਕਰ ਹਵਾ ਦੇ ਨਾਲ ਕਿਸੇ ਵਿਅਕਤੀ ਉੱਤੇ ਇਸ ਝਰਨੇ ਦਾ ਪਾਣੀ ਜਾਂ ਪਾਣੀ ਦੀ ਬੂੰਦ ਪੈਂਦੀ ਹੈ, ਉਸ ਵਿਅਕਤੀ ਦੀ ਰੂਹ ਗੁਣਵਾਨ ਰੂਹ ਮੰਨੀ ਜਾਂਦੀ ਹੈ।