ਜੰਮੂ ਕਸ਼ਮੀਰ: ਸ਼ੋਪੀਆਂ 'ਚ ਮਹਿਲਾ ਐੱਸ.ਪੀ.ਓ ਦਾ ਦਿਨ ਦਿਹਾੜੇ ਅੱਤਵਾਦੀਆਂ ਨੇ ਕੀਤਾ ਕਤਲ - pakistan
ਜੰਮੂ ਕਸ਼ਮੀਰ ਦੇ ਸ਼ੋਪੀਆਂ ਦੇ ਵਾਹਿਲ ਇਲਾਕੇ 'ਚ ਅੱਤਵਾਦੀਆਂ ਨੇ ਐੱਸ.ਪੀ.ਓ ਖ਼ੁਸ਼ਬੂ ਜਨ ਦਾ ਦਿਨ ਦਿਹਾੜੇ ਕੀਤਾ ਕਤਲ।
ਫ਼ਾਇਲ ਫ਼ੋਟੋ
ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਪਾਕਿਸਤਾਨ ਦੇਸ਼ 'ਚ ਅਮਨ ਸ਼ਾਂਤੀ ਦੀ ਗੱਲ ਕਰ ਰਿਹਾ ਹੈ ਤਾਂ ਦੂਜੇ ਪਾਸੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀਆਂ ਹਨ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮਾਨਕੋਟ ਵਿੱਚ ਪਾਕਿਸਤਾਨ ਨੇ ਸੀਜਫਾਇਰ ਦਾ ਉਲੰਘਣ ਕੀਤਾ ਗਿਆ ਸੀ ਜਿਸ ਦਾ ਭਾਰਤੀ ਫ਼ੌਜ ਵਲੋਂ ਮੁੰਹਤੋੜ ਜਵਾਬ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਹੀ ਸ਼ੋਪੀਆਂ ਦੇ ਵਾਹਿਲ ਇਲਾਕੇ ਵਿੱਚ ਇੱਕ ਮਹਿਲਾ ਵਿਸ਼ੇਸ਼ ਪੁਲਿਸ ਅਧਿਕਾਰੀ (ਐੱਸ.ਪੀ.ਓ) ਖ਼ੁਸ਼ਬੂ ਜਨ ਦਾ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਦੁਪਹਿਰ 2:40 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਖ਼ੁਸ਼ਬੂ ਜਨ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੇ ਚੱਲਦਿਆਂ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇੱਕ ਪਾਸੇ ਜਿੱਥੇ ਪੁਲਿਸ ਵਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਸੀਆਰਪੀਐੱਫ਼ ਨੇ ਪੂਰੇ ਇਲਾਕੇ ਦਾ ਘਿਰਾਓ ਕਰ ਲਿਆ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਫ਼ੌਜ ਨੇ ਅੱਤਵਾਦੀਆਂ ਵਿਰੁੱਧ ਘਾਟੀ 'ਚ ਮਿਸ਼ਨ ਆਲ ਆਊਟ ਚਲਾਇਆ ਗਿਆ ਹੈ ਜਿਸ ਵਿੱਚ ਲਗਾਤਾਰ ਕਈ ਅੱਤਵਾਦੀਆਂ ਨੂੰ ਢੇਰ ਵੀ ਕਰ ਦਿੱਤਾ ਹੈ।