ਚੰਡੀਗੜ੍ਹ: ਸੋਨੀਪਤ ਵਿੱਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਨਾਲ 45 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਰਿਆਣਾ ਸਰਕਾਰ ਨੇ ਹੁਣ ਐਸਆਈਟੀ ਦਾ ਗਠਨ ਕੀਤਾ ਹੈ। ਇਸ ਐਸਆਈਟੀ ਵਿੱਚ ਅੰਬਾਲਾ ਰੇਂਜ ਦੇ ਆਈਜੀ, 3 ਜ਼ਿਲ੍ਹਿਆਂ ਦੇ ਐਸਪੀ ਸ਼ਾਮਲ ਹੋਣਗੇ। ਏਡੀਜੀਪੀ ਸ੍ਰੀਕਾਂਤ ਜਾਧਵ ਐਸਆਈਟੀ ਦੀ ਅਗਵਾਈ ਕਰਨਗੇ।
ਇਹ ਐਸਆਈਟੀ ਸ਼ਰਾਬ ਦੇ ਸਰੋਤ ਅਤੇ ਵੇਚਣ ਵਾਲੇ ਦੇ ਨੈਟਵਰਕ ਦੀ ਜਾਂਚ ਕਰੇਗੀ। ਐਸਆਈਟੀ ਆਪਣੀ ਰਿਪੋਰਟ 15 ਦਿਨਾਂ ਦੇ ਅੰਦਰ ਸਰਕਾਰ ਨੂੰ ਸੌਂਪੇਗੀ। ਜਨਨਾਇਕ ਜਨਤਾ ਪਾਰਟੀ ਦੇ ਬੁਲਾਰੇ ਦੀਪ ਕਮਲ ਸਹਾਰਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਸੋਨੀਪਤ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 45 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਹ ਲੋਕ ਸੋਨੀਪਤ ਦੀ ਇੰਡੀਅਨ ਕਲੋਨੀ ਅਤੇ ਮਯੂਰ ਵਿਹਾਰ ਕਲੋਨੀ ਦੇ ਵਸਨੀਕ ਸਨ। ਇਲਾਕੇ ਦੇ ਸ਼ਮਸ਼ਾਨ ਘਾਟ ਦੇ ਪੁਜਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਿਛਲੇ 3 ਦਿਨਾਂ ਵਿੱਚ ਅਚਾਨਕ ਸਸਕਾਰ ਕਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ।
ਸੋਨੀਪਤ ਮਯੂਰ ਵਿਹਾਰ ਦੀ ਗਲੀ ਨੰਬਰ 25 ਦੀ ਰਹਿਣ ਵਾਲੀ ਰਿੰਕੂ ਦਾ ਕਹਿਣਾ ਹੈ ਕਿ ਉਸਦੇ ਪਿਤਾ ਦੇ ਦੋਸਤ ਨੇ ਸ਼ਰਾਬ ਪੀਤੀ ਸੀ, ਜਿਸ ਤੋਂ ਬਾਅਦ ਦੋਵਾਂ ਦੀ ਮੌਤ ਹੋ ਗਈ। ਰਿੰਕੂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਇੰਡੀਅਨ ਕਲੋਨੀ ਦਾ ਵਸਨੀਕ ਰਾਜੂ ਵੀ ਨਾਜਾਇਜ਼ ਸ਼ਰਾਬ ਖਰੀਦਦਾ ਸੀ। ਇਸ ਨੂੰ ਪੀਣ ਤੋਂ ਬਾਅਦ, ਉਹ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਮੌਤ ਅਤੇ ਜ਼ਿੰਦਗੀ ਦੇ ਵਿਚਕਾਰ ਲੜਾਈ ਲੜ ਰਿਹਾ ਹੈ। ਫਿਲਹਾਲ ਇਸ ਮਾਮਲੇ ਵਿੱਚ 20 ਤੋਂ ਵੱਧ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।