ਨਵੀਂ ਦਿੱਲੀ: ਕਾਂਗਰਸ ਅੱਜ (28 ਦਸੰਬਰ) ਆਪਣੇ 135ਵੇਂ ਸਥਾਪਨਾ ਦਿਵਸ ਮੌਕੇ ਦੇਸ਼ ਭਰ ਵਿੱਤ ਸੰਵਿਧਾਨ ਬਚਾਓ, ਭਾਰਤ ਬਚਾਓ ਦੇ ਸੁਨੇਹੇ ਨਾਲ ਫ਼ਲੈਗ ਮਾਰਚ ਕੱਢੇਗੀ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰੋਗਰਾਮ ਵੀ ਰੱਖੇ ਗਏ ਹਨ ਜਿੰਨਾਂ ਵਿੱਚ ਕਾਂਗਰਸ ਦੇ ਆਗੂ ਅਤੇ ਵਰਕਰ ਵਧ ਚੜ੍ਹ ਕੇ ਹਿੱਸਾ ਲੈਣਗੇ।
ਇਸ ਮੌਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦਿੱਲੀ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫਤਰ ਵਿਖੇ ਤਿਰੰਗਾ ਲਹਿਰਾਇਆ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਰਾਹੁਲ ਗਾਂਧੀ, ਪਾਰਟੀ ਦੇ ਸੀਨੀਅਰ ਆਗੂ ਏ ਕੇ ਐਂਟਨੀ, ਅਹਿਮਦ ਪਟੇਲ ਅਤੇ ਹੋਰ ਕਈ ਆਗੂ ਮੌਜੂਦ ਸਨ।
ਆਪਣੇ ਸਥਾਪਨਾ ਦਿਵਸ ਦੇ ਮੱਦੇਨਜ਼ਰ ਕਾਂਗਰਸ ਨੇ ਆਪਣੇ ਟਵੀਟਰ ਖਾਤੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਕਾਂਗਰਸ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੀ ਵੀਡੀਓ ਸਾਂਝੀ ਕੀਤੀ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, "ਅੱਜ ਕਾਂਗਰਸ ਦਾ 135ਵਾਂ ਸਥਾਪਨਾ ਦਿਵਸ ਹੈ। ਮੈਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫਤਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਵਿਚ ਭਾਗ ਲਵਾਂਗਾ। ਇਸ ਤੋਂ ਬਾਅਦ, ਮੈਂ ਗੁਹਾਟੀ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਾਂਗਾ। ਸਥਾਪਨਾ ਦਿਵਸ ਮੌਕੇ ਅਸੀਂ ਲੱਖਾਂ ਕਾਂਗਰਸ ਦੇ ਪੁਰਸ਼ਾਂ ਅਤੇ ਮਹਿਲਾ ਕਾਰਕੁਨਾਂ ਦੇ ਨਿਰਸਵਾਰਥ ਯੋਗਦਾਨ ਨੂੰ ਸਵੀਕਾਰ ਕਰਦੇ ਹਾਂ।"
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਆਪਣੇ ਟਵੀਟਰ ਖਾਤੇ ਉੱਤੇ ਵੀ ਕਾਂਗਰਸ ਦੇ ਸਥਾਪਨਾ ਦਿਵਸ ਦੀ ਫ਼ੋਟੋ ਸਾਂਝੀ ਕੀਤੀ ਹੈ।