ਬੈਂਗਲੁਰੂ: ਚੰਦਰਯਾਨ-2 ਸ਼ੁੱਕਰਵਾਰ-ਸ਼ਨੀਵਾਰ ਦੀ ਦੇਰ ਰਾਤ ਨੂੰ ਚੰਨ 'ਤੇ ਉਤਰੇਗਾ। ਚੰਦਰਯਾਨ-2 ਲਈ ਚੰਨ 'ਤੇ ਉਤਰਨਾ ਬਹੁਤ ਹੀ ਚੁਣੌਤੀਪੂਰਨ ਹੋਵੇਗਾ। ਜੇ ਵਿਕਰਮ ਲੈਂਡਰ ਦੀ ਇਹ ਨਰਮ ਲੈਂਡਿੰਗ ਸਫ਼ਲ ਹੁੰਦੀ ਹੈ ਤਾਂ ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ, ਭਾਰਤ ਅਜਿਹੀ ਪ੍ਰਾਪਤੀ ਹਾਸਲ ਕਰਨ ਵਾਲਾ ਵਿਸ਼ਵ ਦਾ ਚੌਥਾ ਦੇਸ਼ ਬਣ ਜਾਵੇਗਾ। ਇਸ ਦੇ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਤੱਕ ਪਹੁੰਚਣ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਵੀ ਬਣ ਜਾਵੇਗਾ।
ਵਿਕਰਮ ਲੈਂਡਰ ਸ਼ਨੀਵਾਰ ਨੂੰ ਸਵੇਰੇ 1 ਵਜੇ ਤੋਂ 2 ਵਜੇ ਦੇ ਵਿਚਕਾਰ ਚੰਦਰਮਾ ਵੱਲ ਤੁਰਨਾ ਸ਼ੁਰੂ ਕਰੇਗਾ ਅਤੇ ਦੇਰ ਰਾਤ 1:30 ਤੋਂ 2:30 ਵਜੇ ਦੇ ਵਿਚਾਲੇ ਧਰਤੀ ਦੇ ਉਪਗ੍ਰਹਿ ਦੇ ਦੱਖਣੀ ਧਰੁਵ ਖੇਤਰ ਵਿੱਚ ਉਤਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਖ਼ਾਸ ਪਲਾਂ ਨੂੰ ਵੇਖਣ ਲਈ ਖ਼ੁਦ ਇਸਰੋ ਦੇ ਬੰਗਲੁਰੂ ਕੇਂਦਰ 'ਚ ਮੌਜੂਦ ਰਹਿਣਗੇ। ਉਨ੍ਹਾਂ ਦੇ ਨਾਲ ਇੱਥੇ 60-70 ਸਕੂਲੀ ਬੱਚੇ ਹੋਣਗੇ ਜੋ ਦੇਸ਼ਭਰ ਤੋਂ ਕੁਇਜ਼ ਮੁਕਾਬਲੇ ਦੁਆਰਾ ਚੁਣ ਕੇ ਸਿੱਧਾ ਪ੍ਰਸਾਰਣ ਵੇਖਣ ਲਈ ਇੱਥੇ ਆਉਣਗੇ।