ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਯਾਨੀ 1 ਅਗਸਤ ਨੂੰ ਸ਼ਾਮ 4:30 ਵਜੇ ਦੁਨੀਆ ਦੇ ਸਭ ਤੋਂ ਵੱਡੇ ਆਨਲਾਈਨ ਹੈਕਾਥੌਨ ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਵੀਡੀਓ ਕਾਨਫਰਸਿੰਗ ਰਾਹੀਂ ਇਸ ਸਮਾਗਮ 'ਚ ਸ਼ਾਮਲ ਹੋਣਗੇ।
ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ 'ਨਿਸ਼ਾਂਕ' ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਰਟ ਇੰਡੀਆ ਹੈਕੌਥਨ 2020 (ਸਾੱਫਟਵੇਅਰ) ਦਾ ਗ੍ਰੈਂਡ ਫਿਨਾਲੇ 1 ਤੋਂ 3 ਅਗਸਤ 2020 ਤੱਕ ਕਰਵਾਇਆ ਜਾਵੇਗਾ। ਹੈਕਾਥੌਨ ਦਾ ਆਯੋਜਨ ਮਨੁੱਖੀ ਸਰੋਤ ਮੰਤਰਾਲੇ, ਆਲ ਇੰਡੀਆ ਕਾਉਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ), ਪਰਸਨਸਟੈਂਟ ਸਿਸਟਮਜ਼ ਅਤੇ i4c ਵੱਲੋਂ ਸਾਂਝੇ ਤੌਰ 'ਤੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ 12 ਟੀਮਾਂ ਦੇ 72 ਪ੍ਰਤੀਭਾਗੀ ਹਿੱਸਾ ਲੈਣਗੇ। ਪ੍ਰਤੀਭਾਗੀਆਂ ਨੂੰ 1 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਇੱਕ ਉੱਚ ਪੱਧਰੀ ਬੈਠਕ ਵਿੱਚ ਕੇਂਦਰੀ ਮੰਤਰੀ ਨਿਸ਼ਾਂਕ ਨੇ ਕਿਹਾ, ਸਮਾਰਟ ਇੰਡੀਆ ਹੈਕਾਥੌਨ ਸਾਡੇ ਦੇਸ਼ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੇ ਹੱਲ ਲਈ ਅਤੇ ਡਿਜੀਟਲ ਟੈਕਨਾਲੋਜੀ ਦੀਆਂ ਨਵੀਆਂ ਕਾਢਾਂ ਦੀ ਪਛਾਣ ਕਰਨ ਲਈ ਇੱਕ ਵਿਲੱਖਣ ਪਹਿਲ ਹੈ।
ਇਹ ਇਕ ਨਾਨ ਸਟਾਪ ਡਿਜੀਟਲ ਪ੍ਰੋਡਕਟ ਡਿਵੈਲਪਮੈਂਟ ਮੁਕਾਬਲਾ ਹੈ ਜਿੱਥੇ ਵਿਦਿਆਰਥੀਆਂ ਦੀ ਟੈਕਨਾਲੌਜੀ ਸਮੱਸਿਆਵਾਂ ਦੇ ਨਵੀਨਤਾਕਾਰੀ ਹੱਲ ਸੁਝਾਏ ਜਾਂਦੇ ਹਨ। ਇਹ ਵਿਦਿਆਰਥੀਆਂ ਨੂੰ ਸਰਕਾਰੀ ਵਿਭਾਗਾਂ ਅਤੇ ਨਿੱਜੀ ਖੇਤਰ ਦੀਆਂ ਸੰਸਥਾਵਾਂ ਵੱਲੋਂ ਦਰਪੇਸ਼ ਚੁਣੌਤੀਆਂ 'ਤੇ ਕੰਮ ਕਰਨ ਦਾ ਮੌਕਾ ਦੇਵੇਗਾ।