ਨਵੀਂ ਦਿੱਲੀ: ਨੇਤਾ ਐਪ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਸਭ ਤੋਂ ਮਸ਼ਹੂਰ ਵਿਧਾਇਕ ਵਜੋਂ ਮਾਣ ਹਾਸਲ ਕੀਤਾ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਸਰਵੇਖਣ ਦੇ ਨਤੀਜਿਆਂ 'ਚ ਸਾਹਮਣੇ ਆਇਆ ਹੈ ਕਿ ਸਿਸੋਦੀਆ ਕੇਜਰੀਵਾਲ ਨੂੰ ਪਛਾੜਦੇ ਹੋਏ ਪ੍ਰਸਿੱਧ ਆਗੂਆਂ ਦੀ ਲਿਸਟ 'ਚ ਸਿਖ਼ਰ 'ਤੇ ਹਨ।
ਐਪ-ਅਧਾਰਤ ਮੁਲਾਂਕਣ ਦਰਸਾਉਂਦਾ ਹੈ ਕਿ ਪੂਰਬੀ ਦਿੱਲੀ ਦੇ ਪਟਪੜਗੰਜ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਸਿਸੋਦੀਆ ਨੇ 5 ਵਿਚੋਂ 4.3 ਅੰਕ ਹਾਸਲ ਕਰਕੇ ਪ੍ਰਸਿੱਧ ਵਿਧਾਇਕਾਂ ਦੀ ਲਿਸਟ 'ਚ ਸਿਖਰ 'ਤੇ ਹਨ। ਉਸ ਤੋਂ ਬਾਅਦ ਹਰੀ ਨਗਰ ਤੋਂ ‘ਆਪ’ ਵਿਧਾਇਕ ਜਗਦੀਸ਼ ਸਿੰਘ ਆਉਂਦੇ ਹਨ, ਜਿਨ੍ਹਾਂ ਨੂੰ 4 ਅੰਕ ਮਿਲੇ ਹਨ। ਸੰਗਮ ਵਿਹਾਰ ਤੋਂ ‘ਆਪ’ ਵਿਧਾਇਕ ਦਿਨੇਸ਼ ਮੋਹਨਿਆ ਅਤੇ ਬਾਦਲੀ ਤੋਂ ‘ਆਪ’ ਵਿਧਾਇਕ ਅਜਨੇਸ਼ ਯਾਦਵ ਬਰਾਬਰ ਅੰਕ ਲੈ ਕੇ ਤੀਜੇ ਨੰਬਰ ’ਤੇ ਹਨ।
ਇਨ੍ਹਾਂ ਪੰਜ ਵਿਧਾਇਕਾਂ ਵਿਚੋਂ, ਨਵੀਂ ਦਿੱਲੀ ਤੋਂ ਵਿਧਾਇਕ ਕੇਜਰੀਵਾਲ 5 ਵਿਚੋਂ 3.5 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹਨ। ਦਿਲਚਸਪ ਤੱਥ ਇਹ ਹੈ ਕਿ ਕਿਸੇ ਵੀ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੂੰ ਮੌਜੂਦਾ ਦਿੱਲੀ ਅਸੈਂਬਲੀ ਵਿੱਚ ਚੋਟੀ ਦੇ 5 ਪ੍ਰਸਿੱਧ ਨੇਤਾਵਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਨੇਤਾ ਐਪ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ, “ਨੇਤਾ ਐਪ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ, 2020 ਤੋਂ ਪਹਿਲਾਂ ਦਿੱਲੀ ਦੇ ਮੌਜੂਦਾ ਵਿਧਾਇਕਾਂ ਦੇ ਲੀਡਰ ਮੁਲਾਂਕਣ ਨਤੀਜੇ ਜਾਰੀ ਕੀਤੇ ਹਨ। ਇਹ ਮੁਲਾਂਕਣ ਪਿਛਲੇ 2 ਸਾਲਾਂ ਦੇ ਕੰਮ ਦੌਰਾਨ 6.5 ਲੱਖ ਪ੍ਰਤੀਕਰਮੀਆਂ ਵੱਲੋਂ ਹਾਸਲ ਜਵਾਬਾਂ ‘ਤੇ ਅਧਾਰਤ ਹੈ।"
ਲੋਕਾਂ ਨੇ ਸਿਹਤ ਅਤੇ ਸਿੱਖਿਆ ਸਮੇਤ ਹੋਰ ਕਾਰਜਾਂ ਦੇ ਅਧਾਰ 'ਤੇ ਆਪਣੇ ਵਿਧਾਇਕਾਂ ਦਾ ਮੁਲਾਂਕਣ ਕੀਤਾ ਹੈ। ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 'ਆਪ' ਵਿਧਾਇਕਾਂ ਨੇ ਔਸਤਨ 2.51 ਅੰਕ ਮਿਲੇ ਹਨ, ਜਦੋਂਕਿ ਭਾਜਪਾ ਵਿਧਾਇਕਾਂ ਨੂੰ ਮੁਲਾਂਕਣ ਵਿੱਚ 2.4 ਅੰਕ ਮਿਲੇ ਹਨ।