ਨਵੀਂ ਦਿੱਲੀ: 1984 ਸਿੱਖ ਕਤਲੇਆਮ 'ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੱਡਾ ਤੇ ਇਤਿਹਾਸਕ ਕਦਮ ਚੁੱਕਿਆ ਹੈ। ਮੰਤਰਾਲੇ ਨੇ 1984 ਸਿੱਖ ਕਤਲੇਆਮ ਦੇ ਬੰਦ ਹੋਏ ਕੇਸਾਂ ਦੀ ਮੁੜ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਹੈ। ਗ੍ਰਹਿ ਮੰਤਰਾਲੇ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਵਿਰੁੱਧ ਜਾਂਚ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
ਕਮਲਨਾਥ ਨੂੰ ਜੇਲ ਭੇਜਣ ਲਈ ਠੋਸ ਸਬੂਤ ਮੌਜੂਦ: ਸਿਰਸਾ - SIT
ਗ੍ਰਹਿ ਮੰਤਰਾਲੇ ਵੱਲੋਂ ਨਵੀਂ ਐੱਸਆਈਟੀ ਨੂੰ 1984 ਦੇ ਸਿੱਖ ਕਤਲੇਆਮ ਕੇਸ ਵਿੱਚ ਕਮਲਨਾਥ ਵਿਰੁੱਧ ਜਾਂਚ ਕਰਨ ਦੇ ਹੁਕਮ ਦਿੱਤੇ ਗਏ। ਕਮਲਨਾਥ ਦੀਆਂ ਮੁਸ਼ਕਲਾਂ ਵੱਧ ਸਕਦਿਆਂ ਹਨ।
ਮਨਜਿੰਦਰ ਸਿੰਘ ਸਿਰਸਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਕਮਲਨਾਥ ਦੇ ਵਿਰੁੱਧ ਜਾਂਚ ਦਾ ਮਾਮਲਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਰਾਹੀਂ ਗ੍ਰਹਿ ਮੰਤਰੀ ਕੋਲ ਚੁੱਕਿਆ ਸੀ ਤੇ ਦਸੰਬਰ 2018 ਵਿੱਚ ਇੱਕ ਪੱਤਰ ਵੀ ਲਿਖਿਆ ਸੀ। ਸਿਰਸਾ ਦਾ ਕਹਿਣਾ ਹੈ ਕਿ ਕਮਲਨਾਥ ਨੇ 1 ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ਦੇ ਬਾਹਰ ਭੀੜ ਨੂੰ ਭੜਕਾਇਆ ਜਿਸ ਕਾਰਨ ਦੋ ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ।
ਸਿਰਸਾ ਮੁਤਾਬਕ 1 ਨਵਬੰਰ 1984 ਨੂੰ ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣੇ ਵਿੱਚ ਐੱਫਆਈਆਰ ਨੰਬਰ 601/84 ਵੀ ਦਰਜ਼ ਕੀਤੀ ਗਈ ਸੀ ਜਿਸ ਵਿੱਚ ਪੰਜ ਦੋਸ਼ੀਆਂ ਦੇ ਵਿਰੁੱਧ ਚਾਰਜਸ਼ੀਟ ਪੇਸ਼ ਕੀਤੀ ਗਈ ਪਰ ਕਮਲਨਾਥ ਨੂੰ ਛੱਡ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜ ਦੇ ਪੰਜੇ ਦੋਸ਼ੀਆਂ ਦਾ ਰਿਹਾਇਸ਼ੀ ਪਤਾ ਕਮਲਨਾਥ ਦੀ ਰਿਹਾਇਸ਼ ਵਾਲਾ ਪਾਇਆ ਗਿਆ।