ਨਵੀਂ ਦਿੱਲੀ: ਦੁਆਰਕਾ ਦੇ ਇੱਕ ਨਿੱਜੀ ਸਕੂਲ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 'ਤੇ ਅਪਮਾਨਜਨਕ ਟਿੱਪਣੀ ਕਰਨ 'ਤੇ ਕਾਰਵਾਈ ਦੀ ਮੰਗ ਤੇਜ਼ ਹੋ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਪੁਲਿਸ ਸਮੇਤ ਦਿੱਲੀ ਸਰਕਾਰ ਅਤੇ ਸੀਬੀਐਸਈ ਬੋਰਡ ਨੂੰ ਮਾਮਲੇ ਵੱਲ ਧਿਆਨ ਦੇਣ ਲਈ ਕਿਹਾ ਹੈ। ਸਕੂਲ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ, ਤਾਂਕਿ ਭਵਿੱਖ ਵਿੱਚ ਕੋਈ ਅਜਿਹੀ ਗ਼ਲਤੀ ਨਾ ਕਰੇ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਇੱਕ ਵੀਡੀਓ ਜਾਰੀ ਕਰਕੇ ਦੁਆਰਕਾ ਦੇ ਸੇਂਟ ਗ੍ਰੇਗੋਰੀਅਸ ਸਕੂਲ ਦਾ ਵਿਰੋਧ ਕੀਤਾ ਹੈ। ਸਿਰਸਾ ਨੇ ਕਿਹਾ ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇਸ਼ ਲਈ ਆਪਣੇ 4 ਪੁੱਤਰਾਂ ਦਾ ਬਲੀਦਾਨ ਦਿੱਤਾ, ਜਿਸ ਗੁਰੂ ਜੀ ਨੇ ਆਪਣੇ ਪਿਤਾ ਦਾ ਬਲੀਦਾਨ ਦਿੱਤਾ ਅਤੇ ਖ਼ੁਦ ਨੂੰ ਵੀ ਦੇਸ਼ ਦੇ ਲਈ ਕੁਰਬਾਨ ਹੋ ਗਏ। ਉਸ ਗੁਰੂ ਲਈ ਅਜਿਹੀ ਗੱਲ ਕਹੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ, ਕਿ ਇੱਕ ਮਾਸਟਰ ਆਪਣੇ ਬੱਚਿਆਂ ਨੂੰ ਅਜਿਹੀ ਸਿੱਖਿਆ ਦੇ ਰਿਹਾ ਹੈ। ਕਾਰਵਾਈ ਦੀ ਮੰਗ ਕਰਦਿਆਂ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਇਸ ਦੀ ਨਿੰਦਾ ਕਰਦੀ ਹੈ, ਤੇ ਦਿੱਲੀ ਪੁਲਿਸ ਤੋਂ ਇਸ ਸਕੂਲ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਅਪੀਲ ਕਰਦੀ ਹੈ।