ਨਵੀਂ ਦਿੱਲੀ : ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਪਥਰਾਅ ਨੇ ਸਿੱਖ ਭਾਈਚਾਰੇ ਦੇ ਦਿਲਾਂ 'ਤੇ ਸੱਟ ਮਾਰੀ ਹੈ। ਹਾਲਾਂਕਿ ਪਾਕਿਸਤਾਨ 'ਚ ਘੱਟ ਗਿਣਤੀ ਲੋਕਾਂ 'ਤੇ ਅਤਿੱਆਚਾਰ ਦੀ ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰ ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਪਰ ਇਸ ਵਾਰ ਹਮਲਾ ਸਿੱਖਾਂ ਦੇ ਜਜ਼ਬਾਤਾਂ 'ਤੇ ਹੋਇਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਨਾਂਅ ਬਦਲਣ ਦੀ ਧਮਕੀ ਤਾਂ ਹੱਦ ਪਾਰ ਕਰ ਗਈ। ਪਾਕਿਸਤਾਨ 'ਚ ਹੋਈ ਇਸ ਘਟੀਆ ਕਰਤੂਤ ਦੀ ਨਿਖੇਧੀ ਦੁਨੀਆਂਭਰ ਦੇ ਕੋਨੇ-ਕੋਨੇ 'ਚ ਹੋ ਰਹੀ ਹੈ। ਐਸਜੀਪੀਸੀ ਨੇ ਆਪਣਾ ਚਾਰ ਮੈਂਬਰੀ ਵਫਦ ਪਾਕਿਸਤਾਨ ਭੇਜਣ ਦੀ ਗੱਲ ਕਹੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਮੁਲਾਕਾਤ ਕਰਕੇ ਇਹ ਮੁੱਦਾ ਯੂਐਨ ਕੋਲ ਚੁੱਕਣ ਦੀ ਮੰਗ ਕੀਤੀ ਹੈ।