ਨਵੀਂ ਦਿੱਲੀ: ਪਾਕਿਸਤਾਨ ਵਿੱਚ ਸਿੱਖ ਕੁੜੀ ਨੂੰ ਜਬਰੀ ਇਸਲਾਮ ਕਬੂਲ ਕਰਵਾ ਕੇ ਨਿਕਾਹ ਕਰਵਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਨਜੀਤ ਸਿੰਘ ਜੀਕੇ ਅਤੇ ਕਈ ਸਿੱਖ ਸੰਗਠਨਾਂ ਨੇ ਪਾਕਿਸਤਾਨ ਖ਼ਿਲਾਫ਼ ਸੋਮਵਾਰ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਹੈ।
ਮਨਜੀਤ ਸਿੰਘ ਜੀਕੇ ਨੇ ਇਸ ਮਾਮਲੇ ਵਿੱਚ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪੀੜਤ ਕੁੜੀ ਜਗਜੀਤ ਕੌਰ ਨੂੰ 2 ਦਿਨਾਂ ਦੇ ਅੰਦਰ ਸੁਰੱਖਿਅਤ ਤਰੀਕੇ ਨਾਲ ਉਸ ਦੇ ਪਰਿਵਾਰਿਕ ਮੈਂਬਰਾਂ ਤੱਕ ਪਹੁੰਚਾਉਣ ਦਾ ਅਲਟੀਮੇਟਮ ਦਿੱਤਾ ਹੈ। ਨਾਲ ਹੀ ਮੰਗ ਪੂਰੀ ਨਾ ਹੋਣ 'ਤੇ 2 ਸਤੰਬਰ ਨੂੰ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਜ਼ੋਰਦਾਰ ਰੋਸ ਮੁਜ਼ਾਹਰਾ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਜੀਕੇ ਨੇ ਦਿੱਲੀ ਦੀ ਸਾਰਿਆਂ ਧਾਰਮਿਕ ਅਤੇ ਸਮਾਜਕ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੂੰ ਇਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਧੀਆਂ ਦੀ ਰਾਖੀ ਕਰਨ ਨੂੰ ਆਪਣਾ ਫ਼ਰਜ਼ ਸਮਝਿਆ ਹੈ। ਉਨ੍ਹਾਂ ਨੇ ਕਿਹਾ ਕਿ ਅਹਿਮਦ ਸ਼ਾਹ ਅਬਦਾਲੀ ਅਤੇ ਮਹਿਮੂਦ ਗ਼ਜ਼ਨਵੀ ਵਰਗੇ ਵਿਦੇਸ਼ੀ ਹਮਲਾਵਰਾਂ ਵੱਲੋਂ ਬੰਧਕ ਬਣਾ ਕੇ ਲੈ ਜਾਉਣ ਵਾਲੀਆਂ ਬਹੁ-ਬੇਟੀਆਂ ਨੂੰ ਨਾ ਕੇਵਲ ਸਿੱਖਾਂ ਨੇ ਛੁਡਵਾਇਆ ਸੀ ਸਗੋਂ ਸੁਰਖਿਅਤ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਸੀ। ਜੀਕੇ ਨੇ ਕਿਹਾ ਕਿ ਜਬਰੀ ਧਰਮ ਤਬਦੀਲੀ ਕਰਵਾਉਣ ਵਾਲੇ ਇਹ ਸਮਝ ਲੈਣ ਕਿ ਉਨ੍ਹਾਂ ਨੂੰ ਮਾਸੂਮ ਅਤੇ ਲਾਚਾਰ ਬੱਚੀ ਦੇ ਨਾਲ ਅਜਿਹੀ ਗੁਸਤਾਖ਼ੀ ਕਰਨ ਦੀ ਇਸਲਾਮ ਆਗਿਆ ਨਹੀਂ ਦਿੰਦਾ ਅਤੇ ਨਾਂ ਹੀ ਅਜਿਹੀ ਹਰਕਤਾਂ ਨਾਲ ਉਨ੍ਹਾਂ ਨੂੰ ਜੰਨਤ ਨਸੀਬ ਹੋਵੇਗੀ, ਸਗੋਂ ਨਰਕ ਦੇ ਰਾਹਦਾਰ ਉਹ ਜ਼ਰੂਰ ਹੋ ਜਾਣਗੇ।
ਦੱਸ ਦਈਏ ਕਿ ਪਾਕਿਸਤਾਨ 'ਚ ਗੁਰਦੁਆਰਾ ਨਨਕਾਣਾ ਸਾਹਿਬ ਦੇ ਇੱਕ ਗ੍ਰੰਥੀ ਦੀ ਕੁੜੀ ਨੂੰ ਅਗਵਾ ਕਰ ਕੇ ਜਬਰਨ ਇਸਲਾਮ ਕਬੂਲ ਕਰਵਾਇਆ ਗਿਆ ਸੀ। ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਇਸ ਮਾਮਲੇ 'ਚ ਜਾਂਚ ਦੇ ਹੁਕਮ ਦਿੱਤੇ ਸਨ।