ਨਵੀਂ ਦਿੱਲੀ: ਦਿੱਲੀ ਹਿੰਸਾ ਵਿੱਚ ਦੰਗਾਈਆਂ ਵੱਲੋਂ ਜਦੋਂ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਸੀ ਉਸ ਸਮੇਂ ਸਿੱਖ ਪਿਓ-ਪੁੱਤ ਨੇ ਮੁਹੱਲੇ ਦੇ ਕਰੀਬ 70 ਮੁਸਲਮਾਨਾਂ ਨੂੰ ਬਚਾ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਵੱਲੋਂ ਮੁਸਲਿਮ ਪਰਿਵਾਰਾਂ ਨੂੰ ਦੋ ਪਹੀਆ ਵਾਹਨਾਂ 'ਤੇ ਗੋਕੁਲਪੁਰਾ ਇਲਾਕੇ ਤੋਂ ਕਰਦਮਪੁਰੀ ਦੇ ਸੁਰੱਖਿਅਤ ਇਲਾਕੇ ਵਿੱਚ ਪਹੁੰਚਾਇਆ ਗਿਆ।
ਦਿੱਲੀ ਹਿੰਸਾ: ਸਿੱਖ ਪਿਓ-ਪੁੱਤ ਨੇ 70 ਦੇ ਕਰੀਬ ਮੁਸਲਮਾਨਾਂ ਨੂੰ ਬਚਾ ਕੇ ਦਿੱਤੀ ਸਾਂਝੀਵਾਲਤਾ ਦੀ ਮਿਸਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 20 ਗੇੜੇ ਲਗਾ ਕੇ ਮੁਹੱਲੇ ਦੇ ਮੁਸਲਮਾਨਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਮੁਸਲਿਮ ਪਰਿਵਾਰਾਂ ਵਿੱਚ ਸਹਿਮ ਦਾ ਮਾਹੌਲ ਸੀ ਜਿਸ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਛੱਡਣਾ ਜ਼ਰੂਰੀ ਸੀ।
ਇਹ ਵੀ ਪੜ੍ਹੋ: ਦਿੱਲੀ: ਮੈਟਰੋ ਸਟੇਸ਼ਨ' ਤੇ ਲੱਗੇ 'ਦੇਸ਼ ਦੇ ਗੱਦਾਰਾਂ ਨੂੰ, ਗੋਲੀ ਮਾਰੋ...' ਦੇ ਨਾਅਰੇ, 6 ਨੌਜਵਾਨ ਗ੍ਰਿਫ਼ਤਾਰ
ਇਸ ਦੇ ਨਾਲ ਹੀ ਮਾਹੌਲ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 1984 ਸਿੱਖ ਕਤਲੇਆਮ ਵੀ ਦੇਖਿਆ ਹੋਇਆ ਹੈ ਅਤੇ ਹੁਣ ਦੇ ਹਾਲਾਤ ਵੀ ਉਨ੍ਹਾਂ ਹਾਲਾਤਾਂ ਤੋਂ ਘੱਟ ਨਹੀਂ ਸਨ। ਮੁਸਲਮਾਨ ਪਰਿਵਾਰਾਂ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਸਾਹਮਣੇ ਸਿਰਫ਼ ਡਰੇ ਹੋਏ ਲੋਕ ਸਨ ਜਿਨ੍ਹਾਂ ਨੂੰ ਬਚਾਉਣਾ ਉਨ੍ਹਾਂ ਦਾ ਫਰਜ਼ ਸੀ।
ਉਨ੍ਹਾਂ ਨੇ ਦੱਸਿਆ ਕਿ ਮੁਸਲਿਮ ਨੌਜਵਾਨਾਂ ਨੂੰ ਉਨ੍ਹਾਂ ਨੇ ਸਿਰ 'ਤੇ ਪੱਗ ਬੰਨ੍ਹ ਕੇ ਉਸ ਇਲਾਕੇ ਵਿੱਚੋਂ ਕੱਢਿਆ।
ਦੱਸ ਦਈਏ ਕਿ ਬੀਤੇ ਦਿਨੀਂ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਿੰਸਾ ਭੜਕ ਗਈ ਜਿਸ ਵਿੱਚ 42 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਲੋਕ ਜ਼ਖਮੀ ਹੋ ਗਏ।