ਨਵੀਂ ਦਿੱਲੀ: ਪਾਕਿਸਤਾਨ ਵਿੱਚ ਸਿੱਖ ਕੁੜੀ ਨੂੰ ਜਬਰੀ ਇਸਲਾਮ ਕਬੂਲ ਕਰਵਾ ਕੇ ਨਿਕਾਹ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਖ਼ਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਅਤੇ ਕਈ ਸਿੱਖ ਸੰਗਠਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਨੂੰ ਵੇਖਦੇ ਹੋਏ ਵੱਡੀ ਤਾਦਾਦ 'ਚ ਪੁਲਿਸ ਫ਼ੋਰਸ ਤੈਨਾਤ ਕੀਤੀ ਗਈ ਹੈ।
ਪਾਕਿ 'ਚ ਘੱਟ ਗਿਣਤੀਆਂ 'ਤੇ ਤਸ਼ੱਦਦ ਨੂੰ ਲੈ ਕੇ ਸਿੱਖਾਂ ਦਾ ਜ਼ਬਰਦਸਤ ਰੋਸ ਪ੍ਰਦਰਸ਼ਨ - ਸਿੱਖ ਕੁੜੀ ਦਾ ਧਰਮ ਤਬਦੀਲੀ ਮਾਮਲਾ
ਪਾਕਿਸਤਾਨ 'ਚ ਸਿੱਖ ਕੁੜੀ ਦਾ ਧਰਮ ਤਬਦੀਲੀ ਮਾਮਲਾ ਭਖਦਾ ਜਾ ਰਿਹਾ ਹੈ। ਸੋਮਵਾਰ ਨੂੰ ਦਿੱਲੀ ਵਿੱਚ ਪਾਕਿਸਤਾਨ ਦੂਤਘਰ ਬਾਹਰ ਪਾਕਿਸਤਾਨ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਦਿੱਲੀ 'ਚ ਪਾਕਿਸਤਾਨ ਹਾਈਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਪਾਕਿਸਤਾਨ ਖ਼ਿਲਾਫ਼ ਨਾਅਰੇ ਲਗਾਏ ਜਾ ਰਹੇ ਹਨ ਅਤੇ ਕਾਲੀਆਂ ਝੰਡੀਆਂ ਦੇ ਨਾਲ ਪ੍ਰਦਰਸ਼ਨਕਾਰੀ ਆਪਣਾ ਰੋਸ ਪ੍ਰਗਟ ਕਰ ਰਹੇ ਹਨ। ਉੱਥੇ ਹੀ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਪੁਲਿਸ ਦੇ ਨਾਲ ਝੜਪ ਹੋ ਗਈ ਹੈ। ਪੁਲਿਸ ਵੱਲੋਂ ਪ੍ਰਦਰਸ਼ਨਕਾਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਦੌਰਾਨ ਮਨਜੀਤ ਸਿੰਘ ਜੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਝੂਠੀ ਸਰਕਾਰ ਹੈ। ਜੀਕੇ ਨੇ ਕਿਹਾ ਕਿ ਸਾਨੂੰ ਇਨਸਾਫ਼ ਚਾਹਿਦਾ ਹੈ ਅਤੇ ਪਾਕਿਸਤਾਨ ਸਰਕਾਰ ਜਲਦ ਹੀ ਕੁੜੀ ਨੂੰ ਉਸ ਦੇ ਪਰਿਵਾਰ ਕੋਲ ਪਹੁੰਚਾਵੇ।