ਸ਼ਿਰਡੀ: ਮਹਾਂਰਾਸ਼ਟਰ ਦੇ ਸ਼ਿਰਡੀ 'ਚ ਸਥਾਨਕ ਲੋਕਾਂ ਨੇ ਸਾਈਂ ਬਾਬਾ ਦੇ ਜਨਮ ਅਸਥਾਨ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਤੋਂ ਬਾਅਦ ਬੰਦ ਬੁਲਾਇਆ ਹੈ। ਹਾਲਾਂਕਿ ਸਾਈਂ ਬਾਬਾ ਸੰਸਥਾਨ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਕ ਮੁਗਲੀਕਰ ਦਾ ਕਹਿਣਾ ਸੀ ਕਿ ਬੰਦ ਦੇ ਬਾਵਜੂਦ ਸਾਈਂ ਮੰਦਰ ਖੁੱਲ੍ਹਿਆ ਰਹੇਗਾ ਤੇ ਸ਼ਰਧਾਲੂ ਦਰਸ਼ਨ ਕਰ ਸਕਣਗੇ।
ਕੁੱਝ ਸ਼ਰਧਾਲੂ ਪਾਥਰੀ ਨੂੰ ਸਾਈਂ ਬਾਬਾ ਦਾ ਜਨਮ ਅਸਥਾਨ ਦੱਸਦੇ ਹਨ ਪਰ ਸ਼ਿਰਡੀ ਦੇ ਲੋਕਾਂ ਦਾ ਦਾਅਵਾ ਹੈ ਕਿ ਸਾਈਂ ਬਾਬਾ ਦੀ ਜਨਮ ਭੂਮੀ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ।
ਦਰਅਸਲ, ਪਿਛਲੇ ਹਫ਼ਤੇ ਮੁੱਖ ਮੰਤਰੀ ਉਧਵ ਠਾਕਰੇ ਨੇ ਪਾਥਰੀ ਦਾ ਉਲੇਖ ਸਾਈਂ ਨਾਥ ਦੇ ਜਨਮ ਅਸਥਾਨ ਦੇ ਰੂਪ 'ਚ ਕੀਤਾ ਹੈ। ਉਨ੍ਹਾਂ ਨੇ ਪਾਥਰੀ ਦੇ ਵਿਕਾਸ ਲਈ 100 ਕਰੋੜ ਰੁਪਏ ਦਾ ਬਜਟ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਲੋਕਾਂ ਨੇ ਨਾਰਾਜ਼ਗੀ ਪ੍ਰਗਟਾਈ ਹੈ।
ਸਥਾਨਕ ਬੀਜੇਪੀ ਵਿਧਾਇਕ ਰਾਧਾਕ੍ਰਿਸ਼ਣ ਵਿਖੇ ਪਾਟਿਲ ਨੇ ਸਥਾਨਕ ਲੋਕਾਂ ਵੱਲੋਂ ਬਣਾਏ ਗਏ ਬੰਦ ਦਾ ਸਮਰਥਨ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਉਧਵ ਠਾਕਰੇ ਸਾਈਂ ਬਾਬਾ ਦੇ ਜਨਮ ਅਸਥਾਨ ਬਾਰੇ ਦਿੱਤੇ ਬਿਆਨ ਨੂੰ ਵਾਪਸ ਲੈਣ।
ਦੂਜੇ ਪਾਸੇ, ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਕਿਹਾ ਸੀ ਕਿ ਪਾਥਰੀ 'ਚ ਸ਼ਰਧਾਲੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ।