ਨਵੀਂ ਦਿੱਲੀ: ਦਿੱਲੀ ਵਿੱਚ ਮਿਲੀ ਚੋਖੀ ਜਿੱਤ ਤੋਂ ਬਾਅਦ ਦੇਰ ਰਾਤ ਮਹਰੌਲੀ ਤੋਂ ਵਿਧਾਇਕ ਨਰੇਸ਼ ਯਾਦਵ ਦੇ ਕਾਫ਼ਲੇ 'ਤੇ ਹਮਲਾ ਹੋ ਗਿਆ ਹੈ। ਜਿਸ ਦੌਰਾਨ ਗੋਲੀ ਲੱਗਣ ਇੱਕ ਵਰਕਰ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਇਹ ਹਮਲਾ ਉਦੋਂ ਹੋਇਆ ਜਦੋਂ ਵਿਧਾਇਕ ਮੰਦਰ ਵਿੱਚੋਂ ਵਾਪਸ ਆ ਰਿਹਾ ਸੀ। ਆਮ ਆਦਮੀ ਪਾਰਟੀ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ਤੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਆਮ ਆਦਮੀ ਪਾਰਟੀ ਨੇ ਟਵੀਟ ਕਰ ਕਿਹਾ, "ਮੰਦਰ ਤੋਂ ਵਾਪਸ ਆਉਂਦੇ ਹੋਏ ਵਿਧਾਇਕ ਨਰੇਸ਼ ਯਾਦਵ ਦੇ ਕਾਫ਼ਲੇ 'ਤੇ ਹਮਲਾ ਹੋ ਗਿਆ ਜਿਸ ਵਿੱਚ ਇੱਕ ਵਰਕਰ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਜਿੱਤ ਤੋਂ ਬਾਅਦ 'ਆਪ' ਵਿਧਾਇਕ 'ਤੇ ਹਮਲਾ, 1 ਵਰਕਰ ਦੀ ਮੌਤ
ਜਾਣਕਾਰੀ ਮੁਤਾਬਕ ਇਸ ਹਮਲੇ ਵਿੱਚ ਵਰਕਰ ਅਸ਼ੋਕ ਮਾਨ ਦੀ ਮੌਤ ਹੋ ਗਈ ਹੈ। ਇਹ ਦੱਸ ਦਈਏ ਕਿ ਨਰੇਸ਼ ਯਾਦਵ ਨੇ ਭਾਰਤੀ ਜਨਤਾ ਪਾਰਟੀ ਦੀ ਕੁਸਮ ਖੱਤਰੀ ਨੂੰ 18,161 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ ਸੀ।
ਹਾਲੇ ਤੱਕ ਇਹ ਸਾਹਮਣੇ ਨਹੀਂ ਆਇਆ ਹੈ ਕਿ ਇਹ ਹਮਲਾ ਕਿਸ ਨੇ ਕੀਤਾ, ਕੀ ਇਹ ਕਿਸੇ ਪੁਰਾਣੀ ਰੰਜ਼ਸ਼ ਕਰਕੇ ਹੋਇਆ ਜਾਂ ਫਿਰ ਕਿਸੇ ਨੇ ਵੋਟਾਂ ਦੀ ਆਪਣੀ ਕਿੜ ਕੱਢੀ ਹੈ।