ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਵਿਚਾਲੇ 50-50 ਦੀ ਵੰਡ ਨੂੰ ਲੈ ਕੇ ਤਕਰਾਰ ਬਰਕਰਾਰ ਹੈ ਜਿਸ ਨੂੰ ਖ਼ਤਮ ਕਰਨ ਵਿੱਚ ਮਦਦ ਲਈ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਨੂੰ ਅਪੀਲ ਕੀਤੀ ਹੈ।
ਸ਼ਿਵ ਸੈਨਾ ਦੇ ਆਗੂ ਕਿਸ਼ੋਰ ਤਿਵਾੜੀ ਨੇ ਪੱਤਰ ਲਿਖ ਕੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਬੀਜੇਪੀ ਗੱਠਜੋੜ ਧਰਮ ਦੀ ਪਾਲਣਾ ਨਹੀਂ ਕਰ ਰਹੀ ਹੈ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਸ਼ਿਵ ਸੈਨਾ ਦਾਅਵਾ ਕਰਦੀ ਆ ਰਹੀ ਹੈ ਕਿ ਬੀਜੇਪੀ ਨੇ ਚੋਣਾਂ ਤੋਂ ਪਹਿਲਾਂ ਸੱਤਾ ਦੀ 50-50 ਵੰਡ ਉੱਤੇ ਸਹਿਮਤੀ ਪ੍ਰਗਟਾਈ ਸੀ। ਸ਼ਿਵ ਸੈਨਾ ਮੁਤਾਬਕ ਇਸ ਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ ਅੱਧੇ ਅਹੁਦੇ ਵਾਰੀ-ਵਾਰੀ ਦੋਹਾਂ ਪਾਰਟੀਆਂ ਨੂੰ ਹਾਸਲ ਹੋਣਗੇ।
ਮੋਹਨ ਭਾਗਵਤ ਨੂੰ ਲਿਖੇ ਪੱਤਰ ਵਿੱਚ ਕਿਸ਼ੋਰ ਤਿਵਾੜੀ ਨੇ ਕਿਹਾ ਹੈ ਕਿ ਸੂਬੇ ਦੇ ਲੋਕਾਂ ਨੇ ਭਾਜਪਾ-ਸ਼ਿਵ ਸੈਨਾ ਗੱਠਜੋੜ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ ਪਰ ਮਹਾਰਾਸ਼ਟਰ ਵਿੱਚ ਨਵੀਂ ਸਰਕਾਰ ਬਣਨ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਭਾਜਪਾ ‘ਗੱਠਜੋੜ ਧਰਮ’ ਦੀ ਪਾਲਣਾ ਨਹੀਂ ਕਰ ਰਹੀ।
24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ, ਗੱਠਜੋੜ ਦੇ ਦੋਵੇਂ ਭਾਈਵਾਲਾਂ ਵਿਚਾਲੇ ਤਕਰਾਰ ਜਾਰੀ ਹੈ। ਸ਼ਿਵ ਸੈਨਾ ਨੇ ਆਪਣੀ ਮੰਗ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ, ਜਦ ਕਿ ਭਾਜਪਾ ਨੇ ਸਪੱਸ਼ਟ ਤੌਰ ਉੱਤੇ ਕਿਹਾ ਹੈ ਕਿ ਉਹ ਵੱਡੇ ਅਹੁਦੇ ਦੀ ਵੰਡ ਨਹੀਂ ਕਰੇਗੀ। ਆਪਣੇ ਮੁੱਖ ਪੱਤਰ 'ਸਾਮਨਾ' ਵਿਚ, ਸ਼ਿਵ ਸੈਨਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ 2014 ਵਿਚ ਭਾਜਪਾ ਦੀਆਂ ਸ਼ਰਤਾਂ ਨੂੰ ਮੰਨ ਲਿਆ ਸੀ, ਪਰ ਇਸ ਵਾਰ ਉਹ ਨਹੀਂ ਝੁਕਣਗੇ।
ਭਾਜਪਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਾ ਮਿਲਣ ਤੋਂ ਨਾਖ਼ੁਸ਼, ਸ਼ਿਵ ਸੈਨਾ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਉਹ ਸਰਕਾਰ ਬਣਾਉਣ ਲਈ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਅਤੇ ਕਾਂਗਰਸ ਦੇ ਨਾਲ ਜਾਣ ਲਈ ਵੀ ਤਿਆਰ ਹੈ।