ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਭਾਜਪਾ ਨਾਲ ਚੱਲ ਰਹੀ ਤਕਰਾਰ ਦੇ ਵਿਚਕਾਰ ਸ਼ਿਵ ਸੈਨਾ ਨੇ ਇੱਕ ਵਾਰ ਫਿਰ ਸਹਿਯੋਗੀ ਪਾਰਟੀਆਂ ਉੱਤੇ ਹਮਲਾ ਕੀਤਾ ਹੈ। ਸ਼ਿਵ ਸੈਨਾ ਨੇ ਆਪਣੇ ਮੁਖ ਪੱਤਰ 'ਸਾਮਨਾ' ਰਾਹੀਂ ਫੜਨਵੀਸ ਸਰਕਾਰ ਦੇ ਵਿੱਤ ਮੰਤਰੀ ਸੁਧੀਰ ਮੁਨਗੰਟੀਵਰ ਵੱਲੋਂ ਰਾਸ਼ਟਰਪਤੀ ਸ਼ਾਸਨ ਲਗਾਏ ਜਾਣ ਸੰਬੰਧੀ ਦਿੱਤੇ ਗਏ ਬਿਆਨ 'ਤੇ ਜਵਾਬ ਦਿੱਤਾ ਹੈ।
ਸ਼ਿਵ ਸੈਨਾ ਨੇ ਸਾਮਨਾ ਵਿੱਚ ਲਿਖਿਆ, "ਰਾਸ਼ਟਰਪਤੀ ਤੁਹਾਡੀ ਜੇਬ 'ਚ ਹੈ? ਰਾਸ਼ਟਰਪਤੀ ਦੀ ਰਬੜ ਵਾਲੀ ਮੋਹਰ ਰਾਜ ਭਾਜਪਾ ਦਫ਼ਤਰ ਵਿੱਚ ਰੱਖੀ ਹੋਈ ਹੈ। ਜੇ ਸਾਡਾ ਰਾਜ ਮਹਾਰਾਸ਼ਟਰ ਵਿੱਚ ਨਹੀਂ ਆਉਂਦਾ, ਤਾਂ ਭਾਜਪਾ ਮੋਹਰ ਦੀ ਵਰਤੋਂ ਕਰਕੇ ਰਾਸ਼ਟਰਪਤੀ ਸ਼ਾਸਨ ਦੀ ਐਮਰਜੈਂਸੀ ਦੀ ਮੰਗ ਕਰ ਸਕਦੀ ਹੈ।"
ਭਾਜਪਾ ਨੇਤਾ ਸੁਧੀਰ ਮੁਨਗੰਟੀਵਰ ਨੇ ਕਿਹਾ ਸੀ ਕਿ ਜੇ 7 ਨਵੰਬਰ ਤੱਕ ਕੋਈ ਸਰਕਾਰ ਨਹੀਂ ਬਣੀ ਤਾਂ ਮਹਾਰਾਸ਼ਟਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਿਵ ਸੈਨਾ ਵੱਲੋਂ ਢਾਈ ਸਾਲ ਦੇ ਲਈ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ ਕਰਕੇ ਸਰਕਾਰ ਨਹੀਂ ਬਣਾਈ ਜਾ ਸਕੀ। ਉੱਥੇ ਹੀ ਭਾਜਪਾ ਅਤੇ ਸ਼ਿਵ ਸੇਵਾ ਵਿੱਚਕਾਰ ਚੱਲ ਰਹੀ ਖਿੱਚੋਤਾਣ ਵਿਚਕਾਰ ਐਨਸੀਪੀ ਸ਼ਰਦ ਪਵਾਰ ਕਿੰਗ ਮੇਕਰ ਦੀ ਭੂਮਿਕਾ ਨਿਭਾ ਸਕਦੇ ਹਨ। ਜਾਣਕਾਰੀ ਮੁਤਾਬਕ ਸ਼ਰਦ ਪਵਾਰ ਕਾਂਗਰਸ ਕਾਰਜਕਾਰੀ ਪ੍ਰਧਾਨ ਸੋਨੀਆਂ ਗਾਂਧੀ ਨਾਲ ਅੱਜ ਮੁਲਾਕਾਤ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿੱਚ ਚੋਣ ਨਤੀਜਿਆਂ ਨੂੰ ਕਈ ਦਿਨ ਬੀਤ ਚੁੱਕੇ ਹਨ, ਪਰ ਅਜੇ ਵੀ ਮਹਾਰਾਸ਼ਟਰ ਵਿੱਚ ਸਰਕਾਰ ਦਾ ਗਠਨ ਨਹੀਂ ਕੀਤਾ ਗਿਆ। ਸ਼ਿਵ ਸੈਨਾ ਅਤੇ ਭਾਜਪਾ ਜਿਨ੍ਹਾਂ ਨੇ ਮਿਲ ਕੇ ਚੋਣਾਂ ਲੜੀਆਂ ਸਨ ਉਹ ਹੁਣ ਉਲਝੀਆਂ ਹੋਈਆਂ ਹਨ।