ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ਼ਨਿਵਾਰ ਨੂੰ ਟਵਿੱਟਰ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਤੇਲੰਗਾਨਾ ਦੇ ਮੁੱਖ ਮੰਤਰੀ ਦਫ਼ਤਰ ਅਤੇ ਡੀਜੀਪੀ ਨੂੰ ਟੈਗ ਕੀਤਾ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁੱਝ ਲੋਕ ਇੱਕ ਢਾਭੇ 'ਤੇ ਸਿੱਖ ਵਿਅਕਤੀ ਨਾਲ ਕੁੱਟਮਾਰ ਕਰ ਰਹੇ ਹਨ।
ਤੇਲੰਗਾਨਾ 'ਚ ਪੰਜਾਬੀ ਢਾਬੇ ਦੇ ਮਾਲਕ ਨਾਲ ਕੁੱਟਮਾਰ, ਦੋਸ਼ੀਆਂ ਖ਼ਿਲਾਫ਼ ਹੋਵੇ ਕਾਰਵਾਈ: ਸਿਰਸਾ - ਮਨਜਿੰਦਰ ਸਿੰਘ ਸਿਰਸਾ
ਇੱਕ ਢਾਭੇ 'ਤੇ ਸਿੱਖ ਵਿਅਕਤੀ ਨਾਲ ਕੁੱਟਮਾਰ ਦੀ ਵੀਡੀਓ ਸਾਂਝੀ ਕਰਦਿਆਂ ਮਨਜਿੰਦਰ ਸਿਰਸਾ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਮਾਮਲੇ 'ਚ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਅਪੀਲ ਕੀਤੀ ਹੈ।
ਵੀਡੀਓ ਸ਼ੇਅਰ ਕਰਦਿਆਂ ਸਿਰਸਾ ਨੇ ਲਿਖਿਆ ਕਿ ਮੈਨੂੰ ਦੱਸਿਆ ਗਿਆ ਹੈ ਕਿ ਇੱਕ ਪੰਜਾਬੀ ਵਿਅਕਤੀ ਪਰਮਜੀਤ ਸਿੰਘ ਜੋ ਤੇਲੰਗਾਨਾ ਦੇ ਕਰੀਮਨਗਰ ਸਥਿਤ ਸ਼ੇਰ-ਏ-ਪੰਜਾਬ ਢਾਬੇ ਦਾ ਮਾਲਕ ਹੈ, ਉਸ ਦੀ ਸਥਾਨਕ ਬਦਮਾਸ਼ ਕੁੱਟਮਾਰ ਕਰ ਰਹੇ ਹਨ ਕਿਉਂਕਿ ਉਸ ਨੇ ਉਨ੍ਹਾਂ ਵਿਅਕਤੀਆਂ ਨੂੰ ਆਪਣੇ ਢਾਬੇ 'ਤੇ ਸ਼ਰਾਬ ਪੀਣ ਤੋਂ ਰੋਕਿਆ।
ਸਿਰਸਾ ਨੇ ਕਿਹਾ ਕਿ ਅਜਿਹੇ ਨਫ਼ਰਤੀ ਅਪਰਾਧ ਇਸ ਕਾਰਨ ਵਧ ਰਹੇ ਹਨ ਕਿਉਂਕਿ ਪੁਲਿਸ ਨੇ ਅਜਿਹੇ ਸ਼ਰਾਰਤੀ ਅਨਸਰਾਂ ਪ੍ਰਤੀ ਢਿੱਲਾ ਰਵੱਈਆ ਅਪਣਾਇਆ ਹੋਇਆ ਹੈ ਅਤੇ ਕੋਈ ਸਖ਼ਤ ਕਾਰਵਾਈ ਨਹੀਂ ਹੁੰਦੀ। ਡੀਐਸਜੀਐਮਸੀ ਪ੍ਰਧਾਨ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਅਪੀਲ ਕੀਤੀ ਕਿ ਪੀੜਤ ਪਰਮਜੀਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਇਸ ਵਾਰ ਬਖ਼ਸ਼ਿਆ ਨਾ ਜਾਵੇ।