ਨਵੀਂ ਦਿੱਲੀ: ਕਾਂਗਰਸ ਵਰਕਿੰਗ ਕਮੇਟੀ ਦੀ ਸੋਮਵਾਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਬੈਠਕ ਤੋਂ ਪਹਿਲਾਂ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਪਾਰਟੀ 'ਚ ਵੱਡੇ ਬਦਲਾਅ ਦੀ ਮੰਗ ਕੀਤੀ ਹੈ। ਆਗੂਆਂ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਕਾਂਗਰਸ ਦੇ 20 ਤੋਂ ਵੱਧ ਆਗੂਆਂ ਨੇ ਪਾਰਟੀ ਦੇ ਅੰਦਰੂਨੀ ਸੰਕਟ ਨੂੰ ਲੈ ਪਾਰਟੀ ਦੀ ਪ੍ਰਧਾਨਗੀ ਸਬੰਧੀ ਚਰਚਾ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ 'ਚ ਮੌਜੂਦਾ ਸਥਿਤੀ 'ਤੇ ਸਵਾਲ ਚੁੱਕਦਿਆਂ ਸਾਮੂਹਿਕ ਲੀਡਰਸ਼ਿਪ ਦੀ ਗੱਲ ਕੀਤੀ ਜਾ ਰਹੀ ਹੈ।
ਇਸ ਚਿੱਠੀ 'ਚ ਕਾਂਗਰਸ ਲੀਡਰਸ਼ਿਪ 'ਚ ਬਦਲਾਅ ਨੂੰ ਲੈ ਕੇ ਹੋ ਰਹੀ ਦੇਰੀ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਚਿੱਠੀ ਲਿਖਣ ਵਾਲੇ ਆਗੂਆਂ ਨੇ ਇਸ ਬਾਰੇ ਗੱਲ ਕਰਨ ਲਈ ਸੋਨੀਆ ਗਾਂਧੀ ਤੋਂ ਸਮਾਂ ਮੰਗਿਆ ਹੈ। ਚਿੱਠੀ ਲਿਖਣ ਵਾਾਲਿਆਂ 'ਚ ਕਪਿਲ ਸਿੱਬਲ, ਗੁਲਾਮ ਨਬੀ ਆਜ਼ਾਦ, ਭੁਪੇਂਦਰ ਹੁੱਡਾ, ਸ਼ਸ਼ੀ ਥਰੂਰ, ਮਨੀਸ਼ ਤਿਵਾਰੀ ਸਣੇ ਸਾਬਕਾ ਮੁੱਖ ਮੰਤਰੀ ਅਤੇ ਸੂਬੇ ਦੇ ਕਾਂਗਰਸ ਮੁਖੀ ਵੀ ਸ਼ਾਮਲ ਹਨ।