ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੁੱਝ ਹੀ ਮਹੀਨੇ ਬਾਕੀ ਰਹਿ ਗਏ ਹਨ। ਉੱਥੇ ਹੀ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਚਾਂਦਨੀ ਚੌਕ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਪ੍ਰਹਿਲਾਦ ਸਿੰਘ ਸਾਹਨੀ ਐਤਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ।
ਸੀਨੀਅਰ ਕਾਂਗਰਸੀ ਆਗੂ ਪ੍ਰਹਲਾਦ ਸਾਹਨੀ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
ਸੀਨੀਅਰ ਕਾਂਗਰਸੀ ਆਗੂ ਅਤੇ ਚਾਂਦਨੀ ਚੌਕ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਪ੍ਰਹਲਾਦ ਸਿੰਘ ਸਾਹਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਪ੍ਰਹਲਾਦ ਸਾਹਨੀ ਨੇ ਪਹਿਲੀ ਵਾਰ 1998 ਵਿੱਚ ਚਾਂਦਨੀ ਚੌਕ ਤੋਂ ਚੋਣ ਜਿੱਤੀ ਸੀ। 2015 ਵਿੱਚ ਉਨ੍ਹਾਂ ਨੂੰ ਅਲਕਾ ਲਾਂਬਾ ਨੇ ਹਰਾਇਆ ਸੀ। ਉਸ ਸਮੇਂ ਅਲਕਾ ਲਾਂਬਾ ਨੇ 'ਆਪ' ਪਾਰਟੀ ਦੀ ਟਿਕਟ ਤੋਂ ਚੋਣ ਲੜੀ ਸੀ। ਪਿਛਲੇ ਦਿਨੀ ਗੱਲਬਾਤ ਵਿੱਚ ਸਾਹਨੀ ਨੇ ਆਮ ਆਦਮੀ ਪਾਰਟੀ ਦੇ ਕੰਮ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪਾਰਟੀ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਸਾਹਨੀ ਵੀ ਦਿੱਲੀ ਸਰਕਾਰ ਦੀ ਮੁਫ਼ਤ ਬਿਜਲੀ ਅਤੇ ਪਾਣੀ ਯੋਜਨਾ ਤੋਂ ਪ੍ਰਭਾਵਤ ਹਨ।
ਪ੍ਰਹਿਲਾਦ ਸਾਹਨੀ ਕਾਂਗਰਸ ਛੱਡਣ ਵਾਲੇ ਤੀਜੇ ਵੱਡੇ ਚਿਹਰੇ ਹਨ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ 2019 ਦੌਰਾਨ ਸਾਬਕਾ ਮੰਤਰੀ ਰਾਜ ਕੁਮਾਰ ਚੌਹਾਨ ਨੇ ਵੀ ਪਾਰਟੀ ਛੱਡ ਦਿੱਤੀ ਸੀ। ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਸੁਰਿੰਦਰ ਪਾਲ ਸਿੰਘ ਬਿੱਟੂ, ਜੋ ਕਿ ਤਿਮਰਪੁਰ ਤੋਂ ਦੋ ਵਾਰ ਵਿਧਾਇਕ ਰਹੇ, ਉਹ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਸਨ।