ਨਵੀਂ ਦਿੱਲੀ: ਸੋਧੇ ਗਏ ਨਾਗਰਿਕਤਾ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਖ਼ਿਲਾਫ਼ ਪ੍ਰਦਰਸ਼ਨ ਲਈ ਲੰਘੀ ਰਾਤ ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ ਨੇੜੇ 500 ਤੋਂ ਜ਼ਿਆਦਾ ਲੋਕਾਂ ਨੇ ਇਕੱਠੇ ਹੋ ਕੇ ਮੁੱਖ ਸੜਕ ਬੰਦ ਕਰ ਦਿੱਤੀ।
ਇਸ ਹਲਾਤ ਨੂੰ ਵੇਖਦੇ ਹੋਏ ਤੜਕਸਾਰ ਹੀ ਇਲਾਕੇ ਵਿੱਚ ਭਾਰੀ ਬਲ ਤੈਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਾਫਰਾਬਾਦ ਮੈਟਰੋ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਹੈ।
ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਸੀਲਮਪੁਲ ਨੂੰ ਮੌਜਪੁਰ ਅਤੇ ਯਮੁਨਾ ਵਿਹਾਰ ਨਾਲ ਜੋੜਨ ਵਾਲੀ ਸੜਕ ਨੰਬਰ 66 ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਪ੍ਰਦਰਸ਼ਕਾਰੀਆਂ ਨਾਲ ਗੱਲ ਕਰ ਕੇ ਸੜਕ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਲੰਘੀ ਰਾਤ ਮੈਟਰੋ ਦੇ ਨੇੜੇ ਇਕੱਠੇ ਹੋਣ ਵਾਲੇ ਲੋਕਾਂ ਵਿੱਚ ਜ਼ਿਆਦਾ ਗਿਣਤੀ ਮਹਿਲਾਵਾਂ ਦੀ ਸੀ। ਮਹਿਲਾਵਾਂ ਨੇ ਤਿਰੰਗਾ ਝੰਡਾ ਹੱਥ ਵਿੱਚ ਲੈ ਕੇ ਆਜ਼ਾਦੀ ਦੇ ਨਾਅਰੇ ਲਾਉਂਦੇ ਹੋਏ ਕਿਹਾ ਕਿ ਉਹ ਉਦੋਂ ਤੱਕ ਪ੍ਰਦਰਸ਼ਨ ਵਾਲੀ ਜਗ੍ਹਾ ਤੋਂ ਨਹੀਂ ਹਟਣਗੇ ਜਦੋਂ ਤੱਕ ਕੇਂਦਰ ਸਰਕਾਰ ਨਾਗਰਿਕਤਾ ਕਾਨੂੰਨ ਨੂੰ ਰੱਦ ਨਹੀਂ ਕਰ ਦਿੰਦੀ। ਇਨ੍ਹਾਂ ਨੇ ਆਪਣੀ ਬਾਂਹ ਤੇ ਨੀਲੀ ਰੰਗ ਦੀ ਪੱਟੀ ਬੰਨੀ ਹੋਈ ਸੀ ਅਤੇ ਜੈ ਭੀਮ ਦੇ ਨਾਅਰੇ ਵੀ ਲਾਏ।