ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਰਾਜਨੀਤਕ ਹਲਚਲ ਵਿਚਾਲੇ ਗ੍ਰਹਿ ਮੰਤਰਾਲੇ ਵੱਲੋਂ ਕਸ਼ਮੀਰ ਵਿੱਚ ਮੋਬਾਇਲ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਨੈਸ਼ਨਲ ਕਾਨਫ਼ਰੰਸ ਮੁਖੀ ਫਾਰੁਕ ਅਬਦੁੱਲਾ ਦੇ ਘਰ ਬੈਠਕ ਹੋਈ ਸੀ। ਇਸ ਬੈਠਕ ਵਿੱਚ ਪੀਡੀਪੀ ਨੇਤਾ ਮਹਿਬੂਬਾ ਮੁਫ਼ਤੀ ਅਤੇ ਹੋਰ ਨੇਤਾ ਵੀ ਸ਼ਾਮਲ ਹੋਏ ਸਨ।
ਮਹਿਬੂਬਾ ਮੁਫ਼ਤੀ ਤੇ ਉਮਰ ਅਬਦੁੱਲਾ ਨੂੰ ਕੀਤਾ ਨਜ਼ਰਬੰਦ
ਜੰਮੂ-ਕਸ਼ਮੀਰ ਵਿੱਚ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਤੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਨੂੰ ਨਜ਼ਰਬੰਦ ਕੀਤਾ ਗਿਆ ਹੈ।
ਸੁਰੱਖਿਆ ਬਲਾਂ ਦੀ ਤੈਨਾਤੀ ਵਧਾਈ
ਜੰਮੂ ਸਣੇ ਕਈ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਦੀ ਤੈਨਾਤੀ ਹੋਰ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ, ਜੰਮੂ ਕਸ਼ਮੀਰ ਦੀ ਸਥਿਤੀ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਖ਼ਤਰੇ ਦੇ ਖ਼ਦਸ਼ੇ ਨੂੰ ਵੇਖਦਿਆਂ ਸੁਰੱਖਿਆ ਬਲਾਂ ਦੀ ਤੈਨਾਤੀ ਕਈ ਗੁਣਾ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜੰਮੂ ਇਲਾਕੇ, ਖ਼ਾਸਕਰ ਸਰਹੱਦੀ ਰਾਜੌਰੀ ਤੇ ਪੁੰਛ ਜ਼ਿਲ੍ਹਿਆਂ ਵਿੱਚ ਰੈਪਿਡ ਐਕਸ਼ਨ (RAF) ਸਣੇ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।
ਧਾਰਾ 144 ਲਾਗੂ
ਅਧਿਕਾਰੀਆਂ ਮੁਤਾਬਕ, ਜ਼ਿਲ੍ਹੇ ਦੇ ਸਾਰੇ ਸਕੂਲ ਤੇ ਕਾਲਜ 5 ਅਗਸਤ ਤੋਂ ਬੰਦ ਰਹਿਣਗੇ ਤੇ ਇਹ ਫ਼ੈਸਲਾ ਅਗਲੇ ਆਦੇਸ਼ ਤੱਕ ਜਾਰੀ ਰਹੇਗਾ। ਧਾਰਾ 144 ਦੇ ਆਦੇਸ਼ ਮੁਤਾਬਕ ਇਸ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਜਨਤਕ ਸਭਾ ਤੇ ਰੈਲੀਆਂ 'ਤੇ ਰੋਕ ਰਹੇਗੀ। ਆਦੇਸ਼ ਵਿੱਚ ਉਨ੍ਹਾਂ ਡਿਪਟੀ ਕਮਿਸ਼ਨਰ ਰਾਘਵ ਲੈਂਗਰ ਨੇ ਉਸ ਖ਼ਬਰ ਦਾ ਖੰਡਨ ਕੀਤਾ ਜਿਸ ਵਿੱਚ ਕਰਫ਼ਿਊ ਲਗਾਉਣ ਦਾ ਗੱਲ ਕਹੀ ਗਈ ਸੀ।
ਧਾਰਾ 144 ਦੀ ਉਲੰਘਣਾ ਕਰਨ 'ਤੇ ਹੋ ਸਕਦੀ ਹੈ ਸਜ਼ਾ
ਜੰਮੂ-ਕਸ਼ਮੀਰ ਸਰਕਾਰ ਮੁਤਾਬਕ, ਸੋਮਵਾਰ ਯਾਨੀ 5 ਅਗਸਤ ਤੋਂ ਸ੍ਰੀ ਨਗਰ ਵਿੱਚ ਧਾਰਾ 144 ਦੇ ਤਹਿਤ ਪਾਬੰਦੀਆਂ ਲਾਗੂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਧਾਰਾ-144 ਦੀ ਉਲੰਘਣਾ ਕਰਨ ਵਾਲੇ ਦੋਸ਼ੀ ਨੂੰ ਇੱਕ ਸਾਲ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ, ਹਾਲਾਂਕਿ ਇਹ ਇੱਕ ਜ਼ਮਾਨਤੀ ਜ਼ੁਰਮ ਹੈ, ਇਸ ਲਈ ਆਮ ਤੌਰ 'ਤੇ ਇਸ ਵਿੱਚ ਜ਼ਮਾਨਤ ਮਿਲ ਜਾਂਦੀ ਹੈ।
ਇਹ ਵੀ ਪੜ੍ਹੋ: ਫਾਰੂਕ ਅਬਦੁੱਲਾ ਦੀ ਸਰਕਾਰ ਨੂੰ ਮੰਗ, ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਨਾ ਖੋਹਿਆ ਜਾਵੇ
ਉੱਥੇ ਹੀ ਫਾਰੁਕ ਅਬਦੁੱਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਕਦਮ ਕਾਰਨ ਕਸ਼ਮੀਰ ਦੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਕਦੇ ਵੀ ਅਮਰਨਾਥ ਯਾਤਰਾ ਰੱਦ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਸ਼ਮੀਰ ਲਈ ਚੰਗਾ ਸਮਾਂ ਨਹੀਂ ਹੈ ਤੇ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਨੂੰ ਅਪੀਲ ਕੀਤੀ ਕਿ ਦੋਵੇਂ ਦੇਸ਼ ਕੋਈ ਇਹ ਅਜਿਹਾ ਕਦਮ ਨਾ ਚੁੱਕਣ ਜਿਸ ਨਾਲ ਹੋਰ ਤਣਾਅ ਵਧੇ।