ਨਵੀਂ ਦਿੱਲੀ: ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਰਿਆ ਚੱਕਰਵਰਤੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਆਪਣਾ ਫੈਸਲਾ ਸੁਣਾਏਗਾ। ਸੁਪਰੀਮ ਕੋਰਟ ਕੇਸ ਨੂੰ ਬਿਹਾਰ ਤੋਂ ਮੁੰਬਈ ਟ੍ਰਾਂਸਫ਼ਰ ਕਰਨ ਦੀ ਰਿਆ ਚੱਕਰਵਰਤੀ ਦੀ ਅਪੀਲ 'ਤੇ ਆਪਣਾ ਫੈਸਲਾ ਸੁਣਾਏਗਾ।
ਮਹੱਤਵਪੂਰਣ ਗੱਲ ਇਹ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕ੍ਰਿਸ਼ਨਾ ਕਿਸ਼ੋਰ ਸਿੰਘ ਨੇ ਪਟਨਾ ਵਿੱਚ ਦਰਜ ਇਸ ਐਫਆਈਆਰ ਵਿੱਚ ਰਿਆ ਚੱਕਰਵਰਤੀ ਅਤੇ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰਾਂ ਨੇ ਆਪਣੇ ਪੁੱਤਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਸੁਪਰੀਮ ਕੋਰਟ ਦੀ ਵੈਬਸਾਈਟ 'ਤੇ ਅਪਲੋਡ ਕੀਤੇ ਗਏ ਏਜੰਡੇ ਦੇ ਮੁਤਾਬਕ ਜਸਟਿਸ ਰਿਸ਼ੀਕੇਸ਼ ਰੋਏ ਦੀ ਬੈਂਚ ਇਸ ਫੈਸਲੇ ਨੂੰ ਸੁਣਾਏਗੀ। ਜਸਟਿਸ ਰੋਏ ਨੇ 11 ਅਗਸਤ ਨੂੰ ਇਸ ਪਟੀਸ਼ਨ 'ਤੇ ਸੁਣਵਾਈ ਪੂਰੀ ਕੀਤੀ ਸੀ।
ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਦੇ ਉਪਨਗਰ ਬਾਂਦਰਾ ਵਿੱਚ ਆਪਣੇ ਅਪਾਰਟਮੈਂਟ ਵਿੱਚ ਫਾਹਾ ਲੈਕੇ ਖੁਦਕੁਸ਼ੀ ਕੀਤੀ ਸੀ। ਮੁੰਬਈ ਪੁਲਿਸ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਿਹਾਰ ਸਰਕਾਰ ਨੇ ਇਸ ਕੇਸ ਵਿੱਚ ਸਰਵਉੱਚ ਅਦਾਲਤ ਨੂੰ ਕਿਹਾ ਸੀ ਕਿ ‘ਰਾਜਨੀਤਿਕ ਪ੍ਰਭਾਵ’ ਕਾਰਨ ਮੁੰਬਈ ਪੁਲਿਸ ਨੇ ਅਦਾਕਾਰ ਰਾਜਪੂਤ ਦੇ ਕੇਸ ਵਿੱਚ ਐਫਆਈਆਰ ਵੀ ਦਰਜ ਨਹੀਂ ਕੀਤੀ ਹੈ।